ਹਿਮਾਚਲ ਦੇ ਰੋਹਤਾਂਗ ਸਮੇਤ ਉੱਚੇ ਇਲਾਕਿਆਂ ''ਚ ਬਰਫ਼ਬਾਰੀ, ਸੈਲਾਨੀਆਂ ਨੇ ਮਾਣਿਆ ਆਨੰਦ
Wednesday, Jan 04, 2023 - 10:39 AM (IST)
ਮਨਾਲੀ/ਸ਼ਿਮਲਾ (ਰਾਜੇਸ਼)– ਹਿਮਾਚਲ ਵਿਚ ਮੁੜ ਮੌਸਮ ਬਦਲੇਗਾ। ਸੂਬੇ ਵਿਚ ਆਉਂਦੇ 3 ਦਿਨ ਤੱਕ ਮੌਸਮ ਵਿਭਾਗ ਨੇ ਠੰਡੀਆਂ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਸੂਬੇ ਦੇ ਉਪਰੀ ਇਲਾਕਿਆਂ ਵਿਚ 6 ਤੋਂ 8 ਜਨਵਰੀ ਤੱਕ ਬਰਫ਼ਬਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਮੰਗਲਵਾਰ ਦੁਪਹਿਰ ਬਾਅਦ ਰੋਹਤਾਂਗ ਸਮੇਤ ਲਾਹੌਲ ਦੇ ਉਚਾਈ ਵਾਲੇ ਪੇਂਡੂ ਖੇਤਰਾਂ ਵਿਚ ਬਰਫਬਾਰੀ ਸ਼ੁਰੂ ਹੋ ਗਈ। ਅਟਲ ਟਨਲ ਦੇ ਉੱਤਰੀ ਅਤੇ ਦੱਖਣੀ ਪੋਰਟਲ ਸਮੇਤ ਜੰਖਰ, ਫਲੋਂਗ ਅਤੇ ਸਿੱਸੂ ਵਿਚ ਵੀ ਬਰਫ਼ ਦੇ ਤੋਂਦੇ ਡਿੱਗੇ।
ਸਵੇਰ ਦੇ ਸਮੇਂ ਫੋਰ ਵ੍ਹੀਲਰ ਡਰਾਈਵ ਵਾਹਨਾਂ ਵਿਚ ਸੈਲਾਨੀ ਅਟਲ ਟਨਲ ਦੇ ਪਾਰ ਵੀ ਪੁੱਜੇ ਪਰ ਦੁਪਹਿਰ ਬਾਅਦ ਮੌਸਮ ਖਰਾਬ ਹੋ ਗਿਆ ਅਤੇ ਸੈਲਾਨੀਆਂ ਨੂੰ ਸੋਲੰਗਨਾਲਾ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਦੂਜੇ ਪਾਸੇ ਸੈਲਾਨੀਆਂ ਨੇ ਦਿਨ ਭਰ ਸੋਲੰਗਨਾਲਾ ਵਿਚ ਬਰਫ਼ ਦੇ ਦੀਦਾਰ ਕੀਤੇ ਅਤੇ ਬਰਫ਼ ਨਾਲ ਖੇਡਾਂ ਦਾ ਆਨੰਦ ਮਾਣਿਆ। ਕਾਰੋਬਾਰੀਆਂ ਰੇਸ਼ਮਾ, ਦੀਪਾ ਅਤੇ ਵੇਦ ਰਾਮ ਨੇ ਦੱਸਿਆ ਕਿ ਮੰਗਲਵਾਰ ਨੂੰ ਵੱਡੀ ਗਿਣਤੀ ਸੈਲਾਨੀਆਂ ਨੇ ਸੋਲੰਗਨਾਲਾ ਦਾ ਰੁਖ਼ ਕੀਤਾ।