ਓਡਿਸ਼ਾ ''ਚ ਮੁਠਭੇੜ ਦੌਰਾਨ ਟਾਪ ਨਕਸਲੀ ਗਣੇਸ਼ ਉਇਕੇ ਸਮੇਤ ਛੇ ਮਾਓਵਾਦੀ ਢੇਰ
Thursday, Dec 25, 2025 - 03:35 PM (IST)
ਭੁਬਨੇਸ਼ਵਰ (ਭਾਸ਼ਾ) : ਓਡਿਸ਼ਾ ਦੇ ਕੰਦਮਾਲ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਹੋਈ ਮੁਠਭੇੜ ਦੌਰਾਨ ਟਾਪ ਮਾਓਵਾਦੀ ਆਗੂ ਗਣੇਸ਼ ਉਇਕੇ ਸਮੇਤ ਛੇ ਨਕਸਲੀ ਮਾਰੇ ਗਏ ਹਨ। ਪੁਲਸ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਇਹ ਕਾਰਵਾਈ ਰਾਜ 'ਚ ਚੱਲ ਰਹੇ ਵੱਡੇ ਨਕਸਲ ਵਿਰੋਧੀ ਅਭਿਆਨਾਂ ਦਾ ਹਿੱਸਾ ਦੱਸੀ ਜਾ ਰਹੀ ਹੈ।
ਨਕਸਲ ਵਿਰੋਧੀ ਅਭਿਆਨਾਂ ਦੀ ਅਗਵਾਈ ਕਰ ਰਹੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਕਪਾ (ਮਾਓਵਾਦੀ) ਦੀ ਕੇਂਦਰੀ ਕਮੇਟੀ ਦਾ ਮੈਂਬਰ ਗਣੇਸ਼ ਉਇਕੇ ਓਡਿਸ਼ਾ 'ਚ ਪਾਬੰਦੀਸ਼ੁਦਾ ਸੰਗਠਨ ਦਾ ਮੁੱਖ ਆਗੂ ਸੀ। ਉਸ ‘ਤੇ 1.1 ਕਰੋੜ ਰੁਪਏ ਦਾ ਇਨਾਮ ਐਲਾਨ ਸੀ। ਬੁੱਧਵਾਰ ਰਾਤ ਨੂੰ ਬੇਲਘਰ ਥਾਣਾ ਖੇਤਰ ਦੇ ਗੁੰਮਾ ਜੰਗਲ ਵਿੱਚ ਹੋਈ ਮੁਠਭੇੜ ਦੌਰਾਨ ਛੱਤੀਸਗੜ੍ਹ ਦੇ ਦੋ ਮਾਓਵਾਦੀ ਮਾਰੇ ਗਏ ਸਨ।
ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਸਵੇਰੇ ਚਕਾਪਾਡ ਥਾਣਾ ਖੇਤਰ ਦੇ ਇੱਕ ਹੋਰ ਜੰਗਲ 'ਚ ਮੁੜ ਮੁਠਭੇੜ ਹੋਈ, ਜਿਸ 'ਚ ਗਣੇਸ਼ ਉਇਕੇ ਸਮੇਤ ਚਾਰ ਹੋਰ ਮਾਓਵਾਦੀ ਮਾਰੇ ਗਏ। ਉਨ੍ਹਾਂ ਕਿਹਾ ਕਿ ਗੋਲੀਬਾਰੀ 'ਚ ਮਾਰੇ ਗਏ ਚਾਰ ਮਾਓਵਾਦੀਆਂ 'ਚੋਂ ਇੱਕ ਦੀ ਪਛਾਣ 69 ਸਾਲਾ ਗਣੇਸ਼ ਉਇਕੇ ਵਜੋਂ ਹੋਈ ਹੈ, ਜੋ ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦੇ ਚੇਂਦੂਰ ਮੰਡਲ ਦੇ ਪੁੱਲੇਮਾਲਾ ਪਿੰਡ ਦਾ ਰਹਿਣ ਵਾਲਾ ਸੀ।
ਪੁਲਸ ਅਨੁਸਾਰ, ਦੋ ਔਰਤਾਂ ਸਮੇਤ ਬਾਕੀ ਤਿੰਨ ਨਕਸਲੀਆਂ ਦੀ ਪਛਾਣ ਹਾਲੇ ਨਹੀਂ ਹੋ ਸਕੀ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀਜੀਪੀ ਵਾਈ. ਬੀ. ਖੁਰਾਨੀਆ ਨੇ ਕਿਹਾ ਕਿ ਬੁੱਧਵਾਰ ਨੂੰ ਦੋ ਮਾਓਵਾਦੀ ਮਾਰੇ ਗਏ ਸਨ ਤੇ ਵੀਰਵਾਰ ਸਵੇਰੇ ਚਾਰ ਹੋਰਾਂ ਨੂੰ ਨਿਸ਼ਕ੍ਰਿਯ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰੀ ਕਮੇਟੀ ਦੇ ਇੱਕ ਮੈਂਬਰ ਦਾ ਮਾਰਿਆ ਜਾਣਾ ਓਡਿਸ਼ਾ ਪੁਲਸ ਲਈ ਵੱਡੀ ਸਫਲਤਾ ਹੈ, ਜਿਸ ਨਾਲ ਰਾਜ 'ਚ ਮਾਓਵਾਦੀਆਂ ਨੂੰ ਵੱਡਾ ਝਟਕਾ ਲੱਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਕੰਦਮਾਲ-ਗੰਜਮ ਅੰਤਰ-ਜ਼ਿਲ੍ਹਾ ਸੀਮਾ ਦੇ ਵੱਖ-ਵੱਖ ਇਲਾਕਿਆਂ ਵਿੱਚ ਅਭਿਆਨ ਅਜੇ ਵੀ ਜਾਰੀ ਹਨ ਅਤੇ ਹੋਰ ਸਫਲਤਾਵਾਂ ਦੀ ਉਮੀਦ ਹੈ। ਉਨ੍ਹਾਂ ਇਸ ਕਾਰਵਾਈ ਨੂੰ ਹਾਲੀਆ ਸਮੇਂ ਵਿੱਚ ਓਡਿਸ਼ਾ ਵਿੱਚ ਮਾਓਵਾਦੀਆਂ ਖ਼ਿਲਾਫ਼ ਸਭ ਤੋਂ ਵੱਡੇ ਅਭਿਆਨਾਂ ਵਿੱਚੋਂ ਇੱਕ ਕਰਾਰ ਦਿੱਤਾ। ਨਾਲ ਹੀ, ਉਨ੍ਹਾਂ ਅਭਿਆਨ ਵਿੱਚ ਸ਼ਾਮਲ ਸੁਰੱਖਿਆ ਕਰਮਚਾਰੀਆਂ ਦੀ ਸਾਰਾਹਨਾ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਰਚ 2026 ਤੱਕ ਨਕਸਲਵਾਦ ਨੂੰ ਖ਼ਤਮ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਪੁਲਸ ਪੂਰੀ ਤਰ੍ਹਾਂ ਵਚਨਬੱਧ ਹੈ।
