ਦਿੱਲੀ ਦੇ ਪੰਜਾਬੀ ਬਾਗ ''ਚ ਨੌਜਵਾਨ ਨਾਲ ਕੁੱਟਮਾਰ, ਵੀਡੀਓ ਵਾਇਰਲ
Thursday, Aug 22, 2019 - 02:53 PM (IST)

ਨਵੀਂ ਦਿੱਲੀ— ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿਚ ਰੋਡ ਰੇਜ ਨੂੰ ਲੈ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਲੋਕਾਂ ਨੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਇਹ ਮਾਮਲਾ ਬੁੱਧਵਾਰ ਦਾ ਹੈ। ਪੀੜਤ ਦਾ ਦੋਸ਼ ਹੈ ਕਿ ਸੜਕ 'ਤੇ ਉਸ ਦੀ ਕਾਰ ਨਾਲ ਇਕ ਦੂਜੀ ਕਾਰ ਨੇ ਟੱਕਰ ਮਾਰ ਦਿੱਤੀ, ਇਸ ਦਾ ਵਿਰੋਧ ਕਰਨ 'ਤੇ ਦੂਜੀ ਕਾਰ ਵਿਚ ਸਵਾਰ 4 ਲੋਕਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਗੱਡੀਆਂ ਦੀ ਟੱਕਰ ਨੂੰ ਲੈ ਕੇ ਹੋਈ ਬਹਿਸ ਮਗਰੋਂ 4 ਲੋਕ ਉਸ ਦੀ ਦੁਕਾਨ 'ਚ ਦਾਖਲ ਹੋ ਗਏ ਅਤੇ ਉਸ ਨੂੰ ਲੱਤਾਂ-ਮੁੱਕਿਆਂ ਤੇ ਬੈਲਟ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਚਾਰੋਂ ਨੇ ਵਾਰੀ-ਵਾਰ ਉਸ ਨੌਜਵਾਨ ਨੂੰ ਇੰਨਾ ਮਾਰਿਆ ਕਿ ਉਹ ਬੇਹੋਸ਼ ਹੋ ਗਿਆ। ਜਦੋਂ ਉਕਤ ਨੌਜਵਾਨ ਬੇਹੋਸ਼ ਹੋ ਗਿਆ ਤਾਂ ਉਹ ਉਸ ਨੂੰ ਮਰਿਆ ਸਮਝ ਕੇ ਉੱਥੋਂ ਚਲੇ ਗਏ। ਇਹ ਸਾਰੀ ਘਟਨਾ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ।
#WATCH Delhi: A person was thrashed following a road rage incident after the car he was traveling in was rammed into by another car in Punjabi Bagh, last night. The victim alleged that accused persons looted Rs 15 lakh cash from his shop, he has survived the thrashing. pic.twitter.com/piNDBzlZ06
— ANI (@ANI) August 22, 2019
ਹਮਲੇ ਤੋਂ ਬਾਅਦ ਨੌਜਵਾਨ ਨੂੰ ਗੰਭੀਰ ਸੱਟਾਂ ਵੀ ਲੱਗੀਆਂ। ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਇਸ ਕੁੱਟਮਾਰ ਵਿਚ ਉਸ ਦੀ ਜਾਨ ਬਚ ਗਈ ਹੈ। ਡਾਕਟਰਾਂ ਮੁਤਾਬਕ ਉਹ ਖਤਰੇ ਤੋਂ ਬਾਹਰ ਹੈ। ਆਪਣੀ ਸ਼ਿਕਾਇਤ 'ਚ ਪੀੜਤ ਨੌਜਵਾਨ ਨੇ ਦੋਸ਼ ਲਾਇਆ ਕਿ ਉਨ੍ਹਾਂ ਚਾਰੋਂ ਲੋਕਾਂ ਨੇ ਉਸ ਦੀ ਕੁੱਟਮਾਰ ਹੀ ਨਹੀਂ ਕੀਤੀ, ਸਗੋਂ ਦੁਕਾਨ ਤੋਂ 15 ਲੱਖ ਰੁਪਏ ਵੀ ਲੁੱਟ ਲਏ। ਇਸ ਮਾਮਲੇ ਨੂੰ ਲੈ ਕੇ ਅਜੇ ਤਕ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।