ਇੰਟਰਸਿਟੀ ਟ੍ਰੇਨ ''ਚ ਨੌਜਵਾਨ ਨਾਲ ਲੁੱਟ, ਕੁੱਟਮਾਰ ਕਰ ਖੋਹੀ ਮੋਬਾਈਲ ਤੇ ਨਕਦੀ

Sunday, Mar 08, 2026 - 09:01 PM (IST)

ਇੰਟਰਸਿਟੀ ਟ੍ਰੇਨ ''ਚ ਨੌਜਵਾਨ ਨਾਲ ਲੁੱਟ, ਕੁੱਟਮਾਰ ਕਰ ਖੋਹੀ ਮੋਬਾਈਲ ਤੇ ਨਕਦੀ

ਬਠਿੰਡਾ (ਵਿਜੈ ਵਰਮਾ) : ਦਿੱਲੀ–ਫਾਜ਼ਿਲਕਾ ਇੰਟਰਸਿਟੀ ਟ੍ਰੇਨ ਵਿੱਚ ਸਫਰ ਕਰ ਰਹੇ ਇੱਕ ਨੌਜਵਾਨ ਨਾਲ ਕੁੱਟਮਾਰ ਕਰਕੇ ਲੁੱਟਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜੀਆਰਪੀ ਥਾਣਾ ਪੁਲਸ ਨੇ ਇਸ ਮਾਮਲੇ ਵਿੱਚ ਦੋ ਨਾਮਜ਼ਦ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਮੁਕਤਸਰ ਨਿਵਾਸੀ ਰਾਜਵਿੰਦਰ ਸਿੰਘ ਉਰਫ਼ ਰਾਜਵੀਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 2 ਮਾਰਚ ਨੂੰ ਉਹ ਰਾਜਪੁਰਾ ਤੋਂ ਮੁਕਤਸਰ ਜਾਣ ਲਈ ਦਿੱਲੀ–ਫਾਜ਼ਿਲਕਾ ਇੰਟਰਸਿਟੀ (14507) ਟ੍ਰੇਨ ਵਿੱਚ ਸਵਾਰ ਹੋਇਆ ਸੀ। ਜਦੋਂ ਟ੍ਰੇਨ ਗੋਨਿਆਣਾ ਸਟੇਸ਼ਨ ਦੇ ਨੇੜੇ ਪਹੁੰਚੀ ਤਾਂ ਚਾਰ ਨੌਜਵਾਨ ਉਸਦੇ ਡੱਬੇ ਵਿੱਚ ਚੜ੍ਹ ਆਏ। ਦੋਸ਼ ਹੈ ਕਿ ਨੌਜਵਾਨਾਂ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਤੋਂ 1500 ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਲਿਆ।

ਪੀੜਤ ਦੇ ਮੁਤਾਬਕ ਮੁਲਜ਼ਮਾਂ ਨੇ ਧਮਕਾ ਕੇ ਉਸਦੇ ਖਾਤੇ ਤੋਂ ਗੂਗਲ ਪੇ ਰਾਹੀਂ 500 ਰੁਪਏ ਵੀ ਟ੍ਰਾਂਸਫਰ ਕਰਵਾ ਲਏ। ਵਾਰਦਾਤ ਕਰਨ ਤੋਂ ਬਾਅਦ ਸਾਰੇ ਮੁਲਜ਼ਮ ਜੈਤੋ ਸਟੇਸ਼ਨ ‘ਤੇ ਉਤਰ ਕੇ ਫਰਾਰ ਹੋ ਗਏ। ਪੁਲਸ ਨੇ ਮਾਮਲੇ ਵਿੱਚ ਸੁਖਬੀਰ ਸਿੰਘ ਨਿਵਾਸੀ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਰਵਿੰਦਰ ਸਿੰਘ ਨਿਵਾਸੀ ਕੋਟਲੀ ਅਬਲੂ ਮੁਕਤਸਰ ਸਾਹਿਬ ਨੂੰ ਨਾਮਜ਼ਦ ਕੀਤਾ ਹੈ, ਜਦਕਿ ਦੋ ਹੋਰ ਮੁਲਜ਼ਮਾਂ ਦੀ ਪਛਾਣ ਅਜੇ ਨਹੀਂ ਹੋ ਸਕੀ।

ਜੀਆਰਪੀ ਥਾਣਾ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਦੋ ਨਾਮਜ਼ਦ ਅਤੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
 


author

Inder Prajapati

Content Editor

Related News