ਯੇਦੀਯੁਰੱਪਾ ਦੇ ਫਲੋਰ ਟੈਸਟ ਤੋਂ ਪਹਿਲਾਂ ਸਪੀਕਰ ਨੇ ਬਾਗੀ ਵਿਧਾਇਕਾਂ ਲਈ ਸੁਣਾਇਆ ਅਹਿਮ ਫੈਸਲਾ

07/28/2019 1:27:16 PM

ਬੈਂਗਲੁਰੂ—ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਦੇ ਫਲੋਰ ਟੈਸਟ ਤੋਂ ਪਹਿਲਾਂ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੇ ਵੱਡਾ ਫੈਸਲਾ ਲਿਆ ਹੈ। ਸਪੀਕਰ ਨੇ ਅੱਜ ਭਾਵ ਐਤਵਾਰ ਨੂੰ 14 ਬਾਗੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਇਨ੍ਹਾਂ 'ਚ ਕਾਂਗਰਸ ਦੇ 11 ਅਤੇ ਜਨਤਾ ਦਲ ਦੇ 3 ਵਿਧਾਇਕ ਸ਼ਾਮਲ ਹਨ। ਇਸ ਤੋਂ ਪਹਿਲਾਂ ਸਪੀਕਰ ਨੇ 3 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਸੀ। ਬਾਗੀ ਵਿਧਾਇਕਾਂ 'ਤੇ ਫੈਸਲਾ ਸੁਣਾਉਣ ਤੋਂ ਬਾਅਦ ਸਪੀਕਰ ਨੇ ਕਿਹਾ ਕਿ ਮੈਂ ਕੋਈ ਚਾਲਾਕੀ ਜਾਂ ਡਰਾਮਾ ਨਹੀਂ ਕੀਤਾ, ਸਗੋਂ ਹਲਕੇ ਤਰੀਕੇ ਨਾਲ ਫੈਸਲਾ ਸੁਣਾਇਆ ਹੈ।

PunjabKesari

ਦੱਸ ਦੇਈਏ ਕਿ ਸਪੀਕਰ ਰਮੇਸ ਕੁਮਾਰ ਨੇ ਕਾਂਗਰਸ ਦੇ ਬੈਰਾਠੀ ਬਸਵਰਾਜ, ਮੁਨਿਰਤਨ, ਐੱਸ. ਟੀ. ਸ਼ੋਮਸ਼ੇਖਰ, ਰੋਸ਼ਨ ਬੇਗ, ਆਨੰਦ ਸਿੰਘ, ਐੱਮ. ਟੀ. ਬੀ. ਨਾਗਰਾਜ, ਬੀ. ਸੀ. ਪਾਟਿਲ, ਪ੍ਰਤਾਪ ਗੌੜ ਪਾਟਿਲ, ਡਾ. ਸੁਧਾਕਰ, ਸ਼ਿਵਰਾਮ ਹੇਬਾਰ, ਸ਼੍ਰੀਮੰਤ ਪਾਟਿਲ ਨੂੰ ਅਯੋਗ ਕਰਾਰ ਦੇ ਦਿੱਤਾ ਹੈ। ਇਸ ਤੋਂ ਇਲਾਵਾ ਜੇ. ਡੀ. ਐੱਸ. ਦੇ 3 ਬਾਗੀ ਵਿਧਾਇਕਾਂ 'ਚ ਕੇ. ਗੋਪਾਲਿਆ, ਨਰਾਇਣ ਗੌੜਾ, ਏ. ਐੱਚ. ਵਿਸ਼ਵਨਾਥ ਨੂੰ ਆਯੋਗ ਕਰਾਰ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਜੇ. ਡੀ. ਐੱਸ. ਦੀ ਗਠਜੋੜ ਵਾਲੀ ਸਰਕਾਰ ਭਰੋਸੇ ਦੀ ਵੋਟ 'ਚ ਅਸਫਲ ਹੋਣ ਕਾਰਨ ਡਿੱਗ ਪਈ ਸੀ ਅਤੇ ਸ਼ੁੱਕਰਵਾਰ ਨੂੰ ਬੀ. ਐੱਸ. ਯੇਦੀਯੁਰੱਪਾ ਨੂੰ ਰਾਜਪਾਲ ਵਜੁਭਾਈ ਵਾਲਾ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਸੀ ਅਤੇ 31 ਜੁਲਾਈ ਤੱਕ ਬਹੁਮਤ ਸਾਬਿਤ ਕਰਨ ਦਾ ਆਦੇਸ਼ ਦਿੱਤੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ 14 ਬਾਗੀ ਵਿਧਾਇਕਾਂ ਨੂੰ ਆਯੋਗ ਕਰਾਰ ਦੇਣ ਮਗਰੋ ਕਰਨਾਟਕ ਵਿਧਾਨ ਸਭਾ ਦੀ ਗਿਣਤੀ 207 ਰਹਿ ਗਈ ਹੈ ਅਤੇ ਬਹੁਮਤ 104 ਨੂੰ ਦਿੱਤਾ ਜਾਵੇਗਾ ਪਰ ਭਾਜਪਾ ਕੋਲ 105 ਵਿਧਾਇਕਾਂ ਦਾ ਸਮਰੱਥਨ ਹੈ।


Iqbalkaur

Content Editor

Related News