ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

Wednesday, Mar 02, 2022 - 08:53 PM (IST)

ਨੈਸ਼ਨਲ ਡੈਸਕ : ਰੂਸ-ਯੂਕ੍ਰੇਨ ਜੰਗ ਦਿਨੋ-ਦਿਨ ਭਿਆਨਕ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਇਸ ਦੌਰਾਨ ਰੂਸ ਵੱਲੋਂ ਯੂਕ੍ਰੇਨ 'ਚ ਭਾਰੀ ਤਬਾਹੀ ਮਚਾਈ ਜਾ ਰਹੀ ਹੈ। ਇਸ ਯੁੱਧ ਦੇ ਵਿਰੋਧ 'ਚ ਬ੍ਰਿਟੇਨ ਨੇ ਰੂਸ ਖ਼ਿਲਾਫ਼ ਹੋਰ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹੋ ਜਿਹੀਆਂ ਘਟਨਾਵਾਂ ਬਾਰੇ ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਯੂਕ੍ਰੇਨ ਸੰਕਟ: ਬ੍ਰਿਟੇਨ ਨੇ ਰੂਸ, ਬੇਲਾਰੂਸ 'ਤੇ ਲਾਈਆਂ ਪਾਬੰਦੀਆਂ
ਬ੍ਰਿਟੇਨ ਨੇ ਰੂਸ ਖ਼ਿਲਾਫ਼ ਹੋਰ ਪਾਬੰਦੀਆਂ ਲਗਾ ਦਿੱਤੀਆਂ ਹਨ ਅਤੇ ਉਸ ਨੇ ਯੂਕ੍ਰੇਨ ‘ਤੇ ਰੂਸੀ ਹਮਲੇ ‘ਚ ਭੂਮਿਕਾ ਲਈ ਬੇਲਾਰੂਸ ਖ਼ਿਲਾਫ਼ ਵੀ ਪਹਿਲੀ ਦੰਡਕਾਰੀ ਕਾਰਵਾਈ ਕੀਤੀ ਹੈ। ਬ੍ਰਿਟੇਨ ਨੇ ਮਾਸਕੋ ਵਿਰੁੱਧ ਮੰਗਲਵਾਰ ਨੂੰ ਐਲਾਨੀਆਂ ਨਵੀਆਂ ਪਾਬੰਦੀਆਂ ਵਿੱਚ ਰੂਸੀ ਜਹਾਜ਼ਾਂ ਨੂੰ ਆਪਣੀਆਂ ਬੰਦਰਗਾਹਾਂ 'ਤੇ ਪਾਬੰਦੀਸ਼ੁਦਾ ਕਰ ਦਿੱਤਾ ਹੈ।

PM ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅੱਜ ਕਰ ਸਕਦੇ ਹਨ ਗੱਲਬਾਤ : ਸੂਤਰ
ਰੂਸ-ਯੂਕ੍ਰੇਨ ਦਰਮਿਆਨ ਜੰਗ ਜਾਰੀ ਦਾ ਅੱਜ 7ਵਾਂ ਦਿਨ ਹੈ। ਯੂਕ੍ਰੇਨ 'ਤੇ ਰੂਸ ਦੇ ਹਮਲੇ ਕਾਰਨ ਇਸ ਪੂਰਬੀ ਯੂਰਪੀਅਨ ਦੇਸ਼ 'ਚ ਹਾਲਾਤ ਵਿਗੜ ਗਏ ਹਨ। ਖਾਸਤੌਰ 'ਤੇ ਖਾਰਕੀਵ 'ਤੇ ਹਮਲੇ ਤੇਜ਼ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦਰਮਿਆਨ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰ ਸਕਦੇ ਹਨ।

ਯੂਕ੍ਰੇਨ ’ਚੋਂ ਬਾਹਰ ਨਿਕਲਣ ਲਈ ਪਾਕਿਸਤਾਨੀ ਤੇ ਤੁਰਕੀ ਵਿਦਿਆਰਥੀਆਂ ਨੇ ਲਿਆ ਤਿਰੰਗੇ ਦਾ ਸਹਾਰਾ
ਰੂਸੀ ਫੌਜ ਦੇ ਯੂਕ੍ਰੇਨ ’ਤੇ ਹਮਲੇ ਲਗਾਤਾਰ ਜਾਰੀ ਹਨ। ਇਸ ਵਿਚਕਾਰ ਹਜ਼ਾਰਾਂ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਯੂਕ੍ਰੇਨ ’ਚ ਫਸੇ ਹੋਏ ਸਨ, ਜਿਨ੍ਹਾਂ ਨੂੰ ਵਾਪਸ ਦੇਸ਼ ਲਿਆਉਣ ਲਈ ਭਾਰਤ ਸਰਕਾਰ ਨੇ ਆਪਰੇਸ਼ਨ ਗੰਗਾ ਚਲਾਇਆ, ਜਿਸ ਤਹਿਤ ਹਜ਼ਾਰਾਂ ਵਿਦਿਆਰਥੀ ਅਤੇ ਨਾਗਰਿਕ ਆਪਣੇ ਵਤਨ ਅਤੇ ਆਪਣੇ ਪਰਿਵਾਰਾਂ ਕੋਲ ਵਾਪਸ ਪਹੁੰਚਾਏ ਜਾ ਚੁੱਕੇ ਹਨ। 

ਜੰਗ ਦਰਮਿਆਨ ਰੂਸ ਦਾ ਬਿਆਨ, ਕਿਹਾ-ਯੂਕ੍ਰੇਨ ਨਾਲ ਦੁਬਾਰਾ ਗੱਲਬਾਤ ਲਈ ਤਿਆਰ
ਕ੍ਰੇਮਲਿਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਯੂਕ੍ਰੇਨ ਵਿੱਚ ਜਾਰੀ ਜੰਗ ਬਾਰੇ ਯੂਕ੍ਰੇਨੀ ਅਧਿਕਾਰੀਆਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਲਈ ਰੂਸ ਦਾ ਇੱਕ ਵਫਦ ਬੁੱਧਵਾਰ ਸ਼ਾਮ ਨੂੰ ਤਿਆਰ ਹੈ। ਬੁਲਾਰੇ ਦਮਿਤਰੀ ਪੇਸਕੋਵ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸ਼ਾਮ ਨੂੰ ਸਾਡਾ ਵਫ਼ਦ ਯੂਕ੍ਰੇਨ ਦੇ ਵਾਰਤਾਕਾਰਾਂ ਦੀ ਉਡੀਕ ਕਰਨ ਲਈ ਮੌਜੂਦ ਹੋਵੇਗਾ।

ਯੂਕ੍ਰੇਨ ਤੋਂ ਆਈ ਦੁਖਦਾਇਕ ਖ਼ਬਰ, ਬਰਨਾਲਾ ਦੇ ਨੌਜਵਾਨ ਦੀ ਹੋਈ ਮੌਤ
ਯੂਕ੍ਰੇਨ ਤੋਂ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਬਰਨਾਲਾ ਦੇ ਰਹਿਣ ਵਾਲੇ ਨੌਜਵਾਨ ਚੰਦਨ ਜਿੰਦਲ ਦੀ ਯੂਕ੍ਰੇਨ ’ਚ ਮੌਤ ਹੋ ਗਈ। ਇਸ ਖ਼ਬਰ ਨਾਲ ਪਰਿਵਾਰ ਅਤੇ ਇਲਾਕਾ ਨਿਵਾਸੀਆਂ ’ਚ ਸੋਗ ਦੀ ਲਹਿਰ ਦੌੜ ਗਈ ਹੈ।

ਰੂਸ ਖ਼ਿਲਾਫ਼ ਕਾਰਵਾਈ ਲਈ ਅੰਤਰਰਾਸ਼ਟਰੀ ਅਦਾਲਤ ਪੁੱਜਾ ਯੂਕ੍ਰੇਨ, 7-8 ਮਾਰਚ ਨੂੰ ਹੋਵੇਗੀ ਸੁਣਵਾਈ
ਰੂਸ ਅਤੇ ਯੂਕ੍ਰੇਨ ਵਿਚਾਲੇ ਵਧਦੇ ਯੁੱਧ ਨੂੰ ਲੈ ਕੇ ਅੰਤਰਰਾਸ਼ਟਰੀ ਅਦਾਲਤ (ਆਈ.ਸੀ.ਜੇ.) 7 ਅਤੇ 8 ਮਾਰਚ ਨੂੰ ਇਸ ਮਾਮਲੇ 'ਤੇ ਜਨਤਕ ਸੁਣਵਾਈ ਕਰੇਗੀ। ਆਈ.ਸੀ.ਜੇ. ਦੇ ਬਿਆਨ ਵਿਚ ਕਿਹਾ ਗਿਆ ਹੈ, 'ਮੌਜੂਦਾ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ, ਇਹ ਸੁਣਵਾਈ ਹਾਈਬ੍ਰਿਡ ਮੋਡ ਵਿਚ ਕੀਤੀ ਜਾਵੇਗੀ।

ਵੱਡੀ ਰਾਹਤ: ਰਾਜਾਸਾਂਸੀ ਏਅਰਪੋਰਟ ਤੋਂ 27 ਮਾਰਚ ਨੂੰ ਸ਼ੁਰੂ ਹੋਣਗੀਆਂ ਬਰਮਿੰਘਮ ਤੇ ਲੰਡਨ ਦੀਆਂ ਸਿੱਧੀਆਂ ਉਡਾਣਾਂ
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕੋਰੋਨਾ ਦੇ ਸਮੇਂ ਲੰਡਨ ਅਤੇ ਬਰਮਿੰਘਮ ਰਵਾਨਾ ਹੋਣ ਵਾਲੀਆਂ ਬੰਦ ਹੋਈਆਂ ਸਿੱਧੀਆਂ ਉਡਾਣਾਂ ਹੁਣ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਡਾਣਾਂ ਸ਼ੁਰੂ ਹੋਣ ਨਾਲ ਰਾਜਾਸਾਂਸੀ ਹਵਾਈ ਅੱਡੇ ’ਤੇ ਕੋਰੋਨਾ ਤੋਂ ਪਹਿਲਾਂ ਵਾਲੀਆਂ ਰੌਣਕਾਂ ਮੁੜ ਲੱਗਣੀਆ ਸ਼ੁਰੂ ਹੋ ਜਾਣਗੀਆਂ।


Harnek Seechewal

Content Editor

Related News