ਭਾਰਤ ਕੋਲ ਆਪਣੀ ਧਰਤੀ ਤੋਂ ਦੁਸ਼ਮਣ ’ਤੇ ਹਮਲਾ ਕਰਨ ਦੀ ਹੈ ਤਾਕਤ : ਰਾਜਨਾਥ

Tuesday, Apr 16, 2024 - 12:25 PM (IST)

ਭਾਰਤ ਕੋਲ ਆਪਣੀ ਧਰਤੀ ਤੋਂ ਦੁਸ਼ਮਣ ’ਤੇ ਹਮਲਾ ਕਰਨ ਦੀ ਹੈ ਤਾਕਤ : ਰਾਜਨਾਥ

ਜੰਮੂ/ਬਸੋਹਲੀ, (ਉਦੇ/ਸੁਸ਼ੀਲ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਕੋਲ ਆਪਣੀ ਧਰਤੀ ਤੋਂ ਦੁਸ਼ਮਣ ’ਤੇ ਹਮਲਾ ਕਰਨ ਦੀ ਤਾਕਤ ਹੈ ਅਤੇ ਸਰਜੀਕਲ ਸਟ੍ਰਾਈਕ ਰਾਹੀਂ ਉਸ ਨੇ ਆਪਣੀ ਸਮਰੱਥਾ ਵਿਖਾਈ ਹੈ।

ਸੋਮਵਾਰ ਕਠੂਆ ਜ਼ਿਲੇ ਦੇ ਬਸੋਹਲੀ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਕੋਲ ਦੁਨੀਆ ਦੀ ਸਭ ਤੋਂ ਵਧੀਆ ਫੌਜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਦੇਸ਼ ਪੂਰੀ ਦੁਨੀਆ ਵਿਚ ਹਰ ਖੇਤਰ ’ਚ ਮਜ਼ਬੂਤੀ ਨਾਲ ਉਭਰਿਆ ਹੈ।

ਜੰਮੂ-ਕਸ਼ਮੀਰ ਦੀਆਂ ਖੇਤਰੀ ਪਾਰਟੀਆਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਤੇ ਪੀ. ਡੀ. ਪੀ. ਨੇ ਧਾਰਾ 370 ਦੀ ਵਰਤੋਂ ਆਪਣੇ ਸਿਆਸੀ ਹਿੱਤਾਂ ਲਈ ਕੀਤੀ। ਵਿਰੋਧੀ ਧਿਰ ’ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਲੋਕਾਂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀਆਂ ਬਰਫ ’ਚ ਖੇਡਦੇ ਦੀਆਂ ਤਸਵੀਰਾਂ ਵੱਖੀਆਂ। ਕੀ ਅਜਿਹਾ ਉਸ ਸਮੇਂ ਕਦੇ ਹੋਇਆ ਜਦੋਂ ਧਾਰਾ 370 ਲਾਗੂ ਸੀ?

ਪੀ. ਡੀ. ਪੀ. ਦੀ ਮੁਖੀ ਮਹਿਬੂਬਾ ਮੁਫਤੀ ਦਾ ਨਾਂ ਲਏ ਬਿਨਾਂ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਕਹਿੰਦੀ ਸੀ ਕਿ ਧਾਰਾ 370 ਹਟਾਏ ਜਾਣ ਨਾਲ ਜੰਮੂ-ਕਸ਼ਮੀਰ ’ਚ ਖੂਨ ਦੀਆਂ ਨਦੀਆਂ ਵਹਿ ਜਾਣਗੀਆਂ। ਮੈਂ ਹੁਣ ਤੁਹਾਨੂੰ ਭਰੋਸਾ ਦੁਆਉਂਦਾ ਹਾਂ ਕਿ ਇੱਥੇ ਖੂਨ ਦੀਆਂ ਨਹੀਂ ਸਗੋਂ ਦੁੱਧ ਤੇ ਪਾਣੀ ਦੀਆਂ ਨਦੀਆਂ ਵਿਕਾਸ ਅਤੇ ਤਰੱਕੀ ਦੇ ਨਾਲ ਹੀ ਵਹਿਣਗੀਆਂ। ਮਹਿਬੂਬਾ ਕਹਿੰਦੀ ਸੀ ਕਿ ਜੇ ਧਾਰਾ 370 ਹਟਾ ਦਿੱਤੀ ਗਈ ਤਾਂ ਜੰਮੂ-ਕਸ਼ਮੀਰ ’ਚ ਤਿਰੰਗਾ ਲਹਿਰਾਉਣ ਵਾਲਾ ਕੋਈ ਨਹੀਂ ਹੋਵੇਗਾ। ਅੱਜ ਹਰ ਘਰ ’ਚ ਤਿਰੰਗਾ ਝੰਡਾ ਸ਼ਾਨ ਨਾਲ ਲਹਿਰਾ ਰਿਹਾ ਹੈ। ਰਾਜਨਾਥ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਚੋਣਾਂ ਸਮੇਂ ਲੋਕਾਂ ਨੂੰ ਸਿਰਫ ਝੂਠੇ ਭਰੋਸੇ ਦਿੱਤੇ ਪਰ ਭਾਜਪਾ ਸਰਕਾਰ ਲਗਾਤਾਰ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੀ ਹੈ।

ਇਸ ਮੌਕੇ ਰਾਜਨਾਥ ਸਿੰਘ ਤੇ ਡਾ. ਜਤਿੰਦਰ ਸਿੰਘ ਨੂੰ ਡੀ. ਡੀ. ਸੀ. ਦੇ ਪ੍ਰਧਾਨ ਸੇਵਾਮੁਕਤ ਕਰਨਲ ਮਹਾਂ ਸਿੰਘ ਅਤੇ ਹੋਰ ਵਰਕਰਾਂ ਨੇ ਪਸ਼ਮੀਨਾ ਸ਼ਾਲ ਤੇ ਪੇਂਟਿੰਗ ਭੇਟ ਕਰ ਕੇ ਸਨਮਾਨਿਤ ਕੀਤਾ।


author

Rakesh

Content Editor

Related News