ਰੇਲ ਮੰਤਰੀ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲ ਪੁਲ ’ਤੇ ਕੀਤਾ ਟ੍ਰੈਕ ਦਾ ਟਰਾਲੀ ਪ੍ਰੀਖਣ
Monday, Mar 27, 2023 - 11:30 AM (IST)
ਰਿਆਸੀ (ਨਰਿੰਦਰ)- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅਤਿਅੰਤ ਅਹਿਮ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਤਹਿਤ ਚਨਾਬ ਨਦੀ ’ਤੇ ਬਣਾਏ ਜਾ ਰਹੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਕ ਬ੍ਰਿਜ ’ਤੇ ਵਿਛਾਏ ਗਏ ਰੇਲ ਟ੍ਰੈਕ ਦਾ ਐਤਵਾਰ ਟਰਾਲੀ ਪ੍ਰੀਖਣ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਇਸ ਸਾਲ ਦਸੰਬਰ ਜਾਂ ਅਗਲੇ ਸਾਲ ਜਨਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ। ਰੇਲ ਮੰਤਰੀ ਨੇ ਸਭ ਤੋਂ ਪਹਿਲਾਂ ਬਕਲ ਪਹੁੰਚ ਕੇ ਪੁਲ ਦੇ ਇੱਕ ਸਿਰੇ ’ਤੇ ਭੂਮੀ ਪੂਜਨ ਕੀਤਾ। ਇਸ ਤੋਂ ਬਾਅਦ ਰੇਲ ਮੰਤਰੀ ਨੇ ਖੁਦ ਮੋਟਰ ਟਰਾਲੀ ’ਤੇ ਸਵਾਰ ਹੋ ਕੇ ਪੁਲ ਅਤੇ ਟਨਲ ਨੰਬਰ 6 ਦੇ ਟਰੈਕ ਦਾ ਨਿਰੀਖਣ ਕੀਤਾ। ਰੇਲ ਮੰਤਰੀ ਨੇ ਇਸ ਪੁਲ ਨੂੰ ਇੰਜਨੀਅਰਿੰਗ ਦੀ ਬਿਹਤਰੀਨ ਮਿਸਾਲ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪੁਲ ਦੇਸ਼ ਦੇ ਹੋਰ ਹਿੱਸਿਆਂ ਨੂੰ ਕਸ਼ਮੀਰ ਵਾਦੀ ਨਾਲ ਰੇਲ ਰਾਹੀਂ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਕਟੜਾ ਤੋਂ ਬਨਿਹਾਲ ਸੈਕਸ਼ਨ ਵਿਚਕਾਰ ਚਨਾਬ ਨਦੀ ’ਤੇ ਇਸ ਪੁਲ ਦਾ ਨਿਰਮਾਣ ਬਹੁਤ ਚੁਣੌਤੀਪੂਰਨ ਸੀ। ਤੇਜ਼ ਹਵਾਵਾਂ ਅਤੇ ਭੂਚਾਲ ਦਾ ਇਸ ਪੁਲ 'ਤੇ ਕੋਈ ਅਸਰ ਨਹੀਂ ਪਵੇਗਾ। ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਆਰਕ ਬ੍ਰਿਜ ਹੈ। ਇਹ ਆਈਫਲ ਟਾਵਰ ਤੋਂ ਵੀ 35 ਮੀਟਰ ਉੱਚਾ ਹੈ।
ਰੇਲ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਸੂਬੇ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਫਾਇਦਾ ਹੋਵੇਗਾ। ਰੇਲ ਯਾਤਰਾ ਬਹੁਤ ਸੁਰੱਖਿਅਤ ਅਤੇ ਆਰਾਮਦੇਹ ਹੋਵੇਗੀ। ਰੇਲ ਮੰਤਰੀ ਨੇ ਦੱਸਿਆ ਕਿ ਚਨਾਬ ਨਦੀ ਦੇ ਪਾਣੀ ਦੇ ਪੱਧਰ ਤੋਂ ਪੁਲ ਦੀ ਕੁੱਲ ਉਚਾਈ 359 ਮੀਟਰ ਹੈ। ਜਿੱਥੇ ਇਹ ਪੁਲ ਬਣਾਇਆ ਜਾ ਰਿਹਾ ਹੈ, ਉੱਥੇ ਪਾਣੀ ਦੀ ਡੂੰਘਾਈ 60 ਮੀਟਰ ਹੈ। ਇਸ ਤਰ੍ਹਾਂ ਦਰਿਆ ਦੇ ਬੈੱਡ ਤੋਂ ਇਸ ਪੁਲ ਦੀ ਉਚਾਈ 419 ਮੀਟਰ ਹੈ। ਪੁਲ ਦੀ ਕੁੱਲ ਲੰਬਾਈ 1.3 ਕਿਲੋਮੀਟਰ ਅਤੇ ਚੌੜਾਈ 13 ਮੀਟਰ ਹੈ। ਇਸ ਵਿੱਚ ਕੁੱਲ 18 ਪਿੱਲਰ ਹਨ ਜਿਨ੍ਹਾਂ ਦੀ ਉਚਾਈ 120 ਤੋਂ 150 ਮੀਟਰ ਤੱਕ ਹੈ। ਪਿੱਲਰਾਂ ਦੀ ਨੀਂਹ ਦੀ ਡੂੰਘਾਈ ਦੀ ਗੱਲ ਕਰੀਏ ਤਾਂ ਹਰੇਕ ਪਿੱਲਰ ਦਾ ਤੀਜਾ ਹਿੱਸਾ ਜ਼ਮੀਨ ਦੇ ਅੰਦਰ ਹੈ। ਭਾਵ ਇਹ ਹੈ ਕਿ ਜੇ ਪਿੱਲਰ ਦੀ ਉਚਾਈ 140 ਮੀਟਰ ਹੈ ਤਾਂ ਨੀਂਹ ਵਜੋਂ ਉਹ 46 ਮੀਟਰ ਜ਼ਮੀਨ ਦੇ ਅੰਦਰ ਹੈ। ਰੇਲ ਮੰਤਰੀ ਨੇ ਦੱਸਿਆ ਕਿ ਪੁਲ ਦੇ ਨਿਰਮਾਣ ਕਾਰਜ ਦੀ ਲਾਗਤ 1486 ਕਰੋੜ ਰੁਪਏ ਹੈ। ਨਿਰਮਾਣ ਕੰਪਨੀ ਨੇ ਪੁਲ ਲਈ 120 ਸਾਲ ਦੀ ਗਾਰੰਟੀ ਦਿੱਤੀ ਹੈ। ਉਂਝ ਕੰਪਨੀ ਨੇ ਦਾਅਵਾ ਕੀਤਾ ਹੈ ਕਿ 500 ਸਾਲ ਤੱਕ ਪੁਲ ਦਾ ਕੁਝ ਨਹੀਂ ਵਿਗੜੇਗਾ।