ਪਾਰਟੀ ਦੇ ਕੰਟਰੋਲ ’ਚ ਨਾ ਹੋਣ ਕਾਰਨ ਰਾਹੁਲ ਦੀ ਹੋ ਰਹੀ ਆਲੋਚਨਾ
Thursday, Feb 29, 2024 - 12:44 PM (IST)
ਨਵੀਂ ਦਿੱਲੀ- ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਦੇ ਕਰੀਬੀ ਲੋਕਾਂ ਦਾ ਡਰ ਸੱਚ ਸਾਬਿਤ ਹੋ ਗਿਆ ਕਿਉਂਕਿ ਅਭਿਸ਼ੇਕ ਮਨੂ ਸਿੰਘਵੀ ਹਿਮਾਚਲ ਤੋਂ ਰਾਜ ਸਭਾ ਦੀ ਸੀਟ ਲਈ ਚੋਣ ਹਾਰ ਗਏ। ਪਾਰਟੀ ਦੇ ਪ੍ਰਬੰਧਕਾਂ ਨੂੰ ਇੱਥੋਂ ਸੋਨੀਆ ਗਾਂਧੀ ਦੀ ਸੌਖੀ ਜਿੱਤ ਦਾ ਭਰੋਸਾ ਸੀ, ਪਰ ਉਨ੍ਹਾਂ ਪ੍ਰਿਯੰਕਾ ਗਾਂਧੀ ਦੀ ਸਲਾਹ ਮੰਨੀ ਤੇ ਸੋਨੀਆ ਰਾਜ ਸਭਾ ’ਚ ਜਾਣ ਲਈ ਰਾਜਸਥਾਨ ਸ਼ਿਫਟ ਹੋ ਗਈ।
ਸੋਨੀਆ ਗਾਂਧੀ ਰੋਜ਼ਾਨਾ ਦੇ ਫੈਸਲੇ ਲੈਣ ਦੀ ਪ੍ਰਕਿਰਿਆ ’ਚ ਸ਼ਾਮਲ ਨਹੀਂ। ਉਨ੍ਹਾਂ ਇਸ ਨੂੰ ਵਧੇਰੇ ਕਰ ਕੇ ਰਾਹੁਲ ਗਾਂਧੀ ਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ’ਤੇ ਛੱਡ ਦਿੱਤਾ ਹੈ ਪਰ ਉਨ੍ਹਾਂ ਨੂੰ ਹਰ ਰੋਜ਼ ਪਾਰਟੀ ਵੱਲੋਂ ਲਏ ਗਏ ਫ਼ੈਸਲਿਆਂ ਦੀਆਂ ਲਿਖਤੀ ਰਿਪੋਰਟਾਂ ਮਿਲ ਰਹੀਆਂ ਹਨ।
ਖਬਰਾਂ ਹਨ ਕਿ ਪ੍ਰਿਯੰਕਾ ਗਾਂਧੀ ਖੁਦ ਨੂੰ ਕੋਈ ਭੂਮਿਕਾ ਨਾ ਦਿੱਤੇ ਜਾਣ ਕਾਰਨ ਕਾਫੀ ਨਾਰਾਜ਼ ਹੈ। ਉਨ੍ਹਾਂ ਨੂੰ ਆਪਣੇ ਸਮਰਥਕਾਂ ਤੋਂ ਫੀਡਬੈਕ ਮਿਲੀ ਹੈ ਕਿ ਹਿਮਾਚਲ ਪ੍ਰਦੇਸ਼ ’ਚ ਲੰਬੇ ਸਮੇਂ ਤੋਂ ਸਭ ਕੁਝ ਠੀਕ ਨਹੀਂ ਚੱਲ ਰਿਹਾ।
ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਨੂੰ ਘਟਾ ਕੇ ਦਿੱਲੀ ’ਚ ਹੀ ਰਹਿਣ ਤਾਂ ਜੋ ਉਹ ਵੱਖ-ਵੱਖ ਸੂਬਾਈ ਇਕਾਈਆਂ ਦੇ ਮਾਮਲਿਆਂ ’ਚ ਸਰਗਰਮੀ ਨਾਲ ਸ਼ਾਮਲ ਹੋ ਸਕਣ ਪਰ ਉਨ੍ਹਾਂ ਵਧੇਰੇ ਕੰਮ ਸੰਗਠਨ ਦੇ ਜਨਰਲ ਸਕੱਤਰ ਇੰਚਾਰਜ ਕੇ. ਸੀ. ਵੇਣੂਗੋਪਾਲ ’ਤੇ ਛੱਡ ਦਿੱਤੇ ਜੋ ਉੱਤਰੀ ਭਾਰਤ ਦੇ ਗੁੰਝਲਦਾਰ ਮੁੱਦਿਆਂ ਤੇ ਬਾਰੀਕੀਆਂ ਤੋਂ ਜਾਣੂ ਨਹੀਂ ਹਨ। ਹਾਲਾਂਕਿ, ਰਾਹੁਲ ਨੂੰ ਆਪਣੀ ਨਾਦਾਨੀ ਦਾ ਅਹਿਸਾਸ ਹੋਇਆ ਅਤੇ ‘ਆਪ’ ਨਾਲ ਸੀਟਾਂ ਦੇ ਤਾਲਮੇਲ ਵਰਗੇ ਮੁੱਦਿਆਂ ਨੂੰ ਸੁਲਝਾਉਣ ਲਈ ਉਹ ਰੁਕ-ਰੁਕ ਕੇ ਦਿੱਲੀ ਦਾ ਦੌਰਾ ਕਰਦੇ ਰਹੇ।
ਕਾਂਗਰਸ ਅਜੇ ਤੱਕ ਪੰਜਾਬ, ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਝਾਰਖੰਡ ’ਚ ਸੀਟਾਂ ਦੀ ਵੰਡ ਬਾਰੇ ਸਮਝੌਤਾ ਨਹੀਂ ਕਰ ਸਕੀ। ਇਕ ਤੋਂ ਬਾਅਦ ਇਕ ਵੱਖ-ਵੱਖ ਸੂਬਿਆਂ ਦੇ ਵਿਧਾਇਕ ਤੇ ਸੀਨੀਅਰ ਅਧਿਕਾਰੀ ਪਾਰਟੀ ਛੱਡ ਰਹੇ ਹਨ । ਰਾਹੁਲ ਨੇ ਲੰਡਨ ’ਚ 5 ਦਿਨ ਬਿਤਾਉਣ ਅਤੇ ਇਕ ਸੰਮੇਲਨ ਨੂੰ ਸੰਬੋਧਨ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਇਸ ਅੰਦਾਜ਼ ਨੇ ਪਾਰਟੀ ਦੇ ਆਮ ਵਰਕਰਾਂ ਤੋਂ ਲੈ ਕੇ ਨੇਤਾਵਾਂ ਤੱਕ ਸਾਰਿਆਂ ਨੂੰ ਨਿਰਾਸ਼ ਕਰ ਦਿੱਤਾ ਹੈ।