ਗੈਸ ਸਿਲੰਡਰ ਲੀਕ ਹੋਣ ਕਾਰਨ ਘਰ ’ਚ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਹੋਇਆ ਸੁਆਹ

Sunday, Nov 24, 2024 - 05:15 AM (IST)

ਗੈਸ ਸਿਲੰਡਰ ਲੀਕ ਹੋਣ ਕਾਰਨ ਘਰ ’ਚ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਹੋਇਆ ਸੁਆਹ

ਲੁਧਿਆਣਾ (ਖੁਰਾਣਾ) : ਸਥਾਨਕ ਸਲੇਮ ਟਾਬਰੀ ਦੇ ਅਸ਼ੋਕ ਨਗਰ ਇਲਾਕੇ ’ਚ ਇਕ 2 ਮੰਜ਼ਿਲਾ ਘਰ ’ਚ ਸੰਭਾਵਿਤ ਘਰੇਲੂ ਗੈਸ ਸਿਲੰਡਰ ਲੀਕ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਹਾਦਸੇ ਦੌਰਾਨ ਘਰ ’ਚ ਮੌਜੂਦ ਬਜ਼ੁਰਗ ਔਰਤ ਅਤੇ ਮਾਸੂਮ ਬੱਚਿਆਂ ਨੇ ਭਿਆਨਕ ਅੱਗ ਨੂੰ ਦੇਖ ਦੇ ਰੌਲਾ ਪਾਇਆ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੇ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਸਾਰਿਆਂ ਦੀ ਜਾਨ ਬਚਾਈ। ਇਸ ਦੌਰਾਨ ਘਰ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਖੁਸ਼ਕਿਸਮਤੀ ਇਹ ਰਹੀ ਕਿ ਭਿਆਨਕ ਅੱਗ ਦੀ ਲਪੇਟ ’ਚ ਘਰ ਵਿਚ ਪਏ ਗੈਸ ਸਿਲੰਡਰ ਨਹੀਂ ਆਏ, ਨਹੀਂ ਤਾਂ ਇਹ ਹਾਦਸਾ ਹੋਰ ਵੀ ਭਿਆਨਕ ਅਤੇ ਜਾਨਲੇਵਾ ਹੋ ਸਕਦਾ ਸੀ। ਇਸ ਦੌਰਾਨ ਮੌਕੇ ’ਤੇ ਪੁੱਜੇ ਇਲਾਕਾ ਵਾਸੀਆਂ ਨੇ ਘਰ ’ਚ ਪਏ 5 ਘਰੇਲੂ ਗੈਸ ਸਿਲੰਡਰ ਸੁਰੱਖਿਅਤ ਬਾਹਰ ਕੱਢ ਲਏ ਅਤੇ ਆਪਣੇ ਪੱਧਰ ’ਤੇ ਅੱਗ ਦੀਆਂ ਭਿਆਨਕ ਹੁੰਦੀਆਂ ਜਾ ਰਹੀਆਂ ਲਪਟਾਂ ’ਤੇ ਕਾਬੂ ਪਾਉਣ ਦਾ ਯਤਨ ਕੀਤਾ।

ਇਹ ਵੀ ਪੜ੍ਹੋ : PhonePe ਯੂਜ਼ਰ ਹੋ ਜਾਣ ਚੌਕੰਨੇ! ਇਸ ਤਰ੍ਹਾਂ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰ ਰਹੇ ਨੇ ਸਾਈਬਰ ਠੱਗ

ਮਕਾਨ ਮਾਲਕ ਸ਼ਮਸ਼ੇਰ ਸਿੰਘ ਨੇ ਸ਼ੱਕ ਪ੍ਰਗਟ ਕੀਤਾ ਕਿ ਸੰਭਾਵਿਤ ਗੈਸ ਸਿਲੰਡਰ ਲੀਕ ਹੋਣ ਕਾਰਨ ਉਕਤ ਖੌਫਨਾਕ ਹਾਦਸਾ ਵਾਪਰਿਆ ਹੈ। ਉਸ ਨੇ ਦੱਸਿਆ ਕਿ ਮਕਾਨ ’ਚ ਉੱਪਰ ਅਤੇ ਥੱਲੇ ਦੇ ਹਿੱਸੇ ’ਚ ਉਨ੍ਹਾਂ ਦਾ ਭਰਾ ਅਤੇ 2 ਪਰਿਵਾਰ ਰਹਿੰਦੇ ਹਨ। ਹਾਦਸੇ ਸਮੇਂ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਕਿਸੇ ਰਿਸ਼ਤੇਦਾਰ ਦੇ ਵਿਆਹ ’ਚ ਗਏ ਹੋਏ ਸਨ, ਜਦੋਂਕਿ ਇਸ ਦੌਰਾਨ ਜਦੋਂ ਅੱਗ ਲੱਗੀ ਤਾਂ ਉਸ ਸਮੇਂ ਘਰ ’ਚ ਉਨ੍ਹਾਂ ਦੀ ਬਜ਼ੁਰਗ ਮਾਂ ਅਤੇ ਮਾਸੂਮ ਬੱਚੇ ਮੌਜੂਦ ਸਨ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਪਏ 5 ਗੈਸ ਸਿਲੰਡਰਾਂ ’ਚੋਂ 4 ਸਿਲੰਡਰ ਖਾਲੀ ਸਨ, ਜਦੋਂਕਿ 1 ਭਰਿਆ ਹੋਇਆ ਸੀ, ਜਿਸ ਨੂੰ ਅੱਗ ਲੱਗੀ ਹੈ। ਇਸ ਦੌਰਾਨ ਮੁਹੱਲੇ ਦੀ ਗਲੀ ਭੀੜੀ ਹੋਣ ਕਾਰਨ ਘਟਨਾ ਸਥਾਨ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਪੁੱਜਣ ’ਚ ਕਾਫੀ ਮੁਸ਼ਕਲ ਹੋਈ।

ਇਸ ਦੌਰਾਨ ਸੂਝ-ਬੂਝ ਦਾ ਸਬੂਤ ਦਿੰਦੇ ਹੋਏ ਫਾਇਰ ਵਿਭਾਗ ਦੇ ਮੁਲਾਜ਼ਮਾਂ ਨੇ ਪਾਣੀ ਨਾਲ ਭਰੀ ਛੋਟੀ ਗੱਡੀ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ, ਜਦੋਂਕਿ ਬਾਅਦ ’ਚ ਇਕ ਵੱਡੀ ਗੱਡੀ ’ਚ ਪਾਣੀ ਦੀ ਲੰਬੀ ਪਾਈਪ ਲਗਾ ਕੇ ਆਪ੍ਰੇਸ਼ਨ ਨੂੰ ਸਫਲ ਬਣਾਇਆ। ਮੌਕੇ ’ਤੇ ਪੁੱਜੇ ਥਾਣਾ ਸਲੇਮ ਟਾਬਰੀ ਦੇ ਏ. ਐੱਸ. ਆਈ. ਸ਼ਿੰਗਾਰਾ ਸਿੰਘ ਵੀ ਆਪਣੇ ਤੌਰ ’ਤੇ ਜਾਂਚ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News