ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀ ਬਣੇ ਕੁੜਮ, ਕਰਵਾਇਆ ਪੁੱਤ-ਧੀ ਦਾ ਵਿਆਹ
Friday, Feb 24, 2023 - 10:23 AM (IST)
ਕੌਸ਼ਾਂਬੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 2 ਕੈਦੀ ਆਪਸ 'ਚ ਕੁੜਮ ਬਣ ਗਏ। ਦੋਹਾਂ ਕੈਦੀਆਂ ਨੇ ਆਪਣੇ ਪੁੱਤ ਅਤੇ ਧੀ ਦਾ ਬੁੱਧਵਾਰ ਨੂੰ ਵਿਆਹ ਕਰ ਦਿੱਤਾ। ਸ਼ਾਸਨ ਨੇ ਉਨ੍ਹਾਂ ਨੂੰ ਪੈਰੋਲ 'ਤੇ ਭੇਜ ਕੇ ਇਸ ਰਿਸ਼ਤੇ ਦੀਆਂ ਸਾਰੀਆਂ ਰਸਮਾਂ ਨੂੰ ਪੂਰਾ ਕਰਵਾਇਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੌਸ਼ਾਂਬੀ ਜ਼ਿਲ੍ਹਾ ਜੇਲ੍ਹ ਇੰਚਾਰਜ ਜੇਲ੍ਹਰ ਭੂਪੇਸ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿਪਰੀ ਥਾਣਾ ਖੇਤਰ ਦੇ ਕਟਹੁਲਾ ਪਿੰਡ ਵਾਸੀ ਧਾਰਾ ਸਿੰਘ ਨੂੰ ਕਈ ਸਾਲ ਪਹਿਲਾਂ ਹੋਏ ਇਕ ਕਤਲਕਾਂਡ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਉਨ੍ਹਾਂ ਦੱਸਿਆ ਕਿ ਜੇਲ੍ਹ 'ਚ ਹੀ ਧਾਰਾ ਸਿੰਘ ਦੀ ਮੁਲਾਕਾਤ ਅਰਜੁਨ ਯਾਦਵ ਨਾਲ ਹੋਈ ਜੋ ਪਿੰਡ 'ਚ ਹੋਏ ਇਕ ਕਤਲ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜੇਲ੍ਹ 'ਚ ਦੋਹਾਂ ਵਿਚਾਲੇ ਡੂੰਘੀ ਦੋਸਤੀ ਹੋ ਗਈ ਅਤੇ ਧਾਰਾ ਸਿੰਘ ਅਤੇ ਅਰਜੁਨ ਸਿੰਘ ਨੇ ਜੇਲ੍ਹ 'ਚ ਹੀ ਆਪਣੇ ਬੱਚਿਆਂ ਦਾ ਰਿਸ਼ਤਾ ਤੈਅ ਕਰ ਦਿੱਤਾ। ਜੇਲ੍ਹਰ ਨੇ ਦੱਸਿਆ ਕਿ ਧਾਰਾ ਸਿੰਘ ਦਾ ਪੁੱਤ ਸੁਮਿਤ ਸਿੰਘ ਵੀ ਆਪਣੇ ਪਿਤਾ ਨਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ ਅਤੇ 10 ਸਾਲ ਦੀ ਸਜ਼ਾ ਪੂਰੀ ਹੋਣ 'ਤੇ ਉਹ ਕੁਝ ਦਿਨ ਪਹਿਲਾਂ ਰਿਹਾਅ ਹੋਇਆ ਸੀ। ਅਰਜੁਨ ਸਿੰਘ ਨੂੰ ਧਾਰਾ ਸਿੰਘ ਦਾ ਪੁੱਤ ਸੁਮਿਤ ਸਿੰਘ ਆਪਣੀ ਧੀ ਲਈ ਯੋਗ ਵਰ ਲੱਗਾ। ਅਰਜੁਨ ਸਿੰਘ ਅਤੇ ਧਾਰਾ ਸਿੰਘ ਨੂੰ ਵਿਆਹ ਦੀਆਂ ਰਸਮਾਂ ਅਦਾ ਕਰਨ ਲਈ ਪੁਲਸ ਅਰਜੁਨ ਸਿੰਘ ਅਤੇ ਧਾਰਾ ਸਿੰਘ ਨੂੰ ਲੈ ਕੇ ਵਿਵਾਹਿਕ ਸਮਾਰੋਹ 'ਚ ਪਹੁੰਚੀ। ਭੂਪੇਸ਼ ਸਿੰਘ ਨੇ ਦੱਸਿਆ ਕਿ ਸ਼ਾਸਨ ਤੋਂ ਮਨਜ਼ੂਰੀ ਆਦੇਸ਼ ਅਨੁਸਾਰ ਅਰਜੁਨ ਸਿੰਘ ਨੂੰ 21 ਦਿਨ ਦੀ ਪੈਰੋਲ ਜਦੋਂ ਕਿ ਧਾਰਾ ਸਿੰਘ ਨੂੰ ਚਾਰ ਦਿਨ ਦੀ ਪੈਰੋਲ 'ਤੇ ਛੱਡਿਆ ਗਿਆ ਹੈ।