ਭ੍ਰਿਸ਼ਟਾਚਾਰੀਆਂ ਦੀ ਜਾਇਦਾਦ ਦਾ ਮੈਂ ਕਰਾਂਗਾ ਐਕਸ-ਰੇ, ਜਿਸ ਨੇ ਲੁੱਟਿਆ, ਉਸ ਨੂੰ ਵਾਪਸ ਕਰਨਾ ਹੀ ਪਏਗਾ : ਮੋਦੀ

05/23/2024 12:42:13 AM

ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦੇ ‘ਇੰਡੀਆ’ ਗੱਠਜੋੜ ਨੂੰ ਅਤਿਅੰਤ ਫ਼ਿਰਕੂ, ਜਾਤੀਵਾਦੀ ਅਤੇ ਪਰਿਵਾਰ ਆਧਾਰਿਤ ਕਰਾਰ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਦੀ ਛਤਰ-ਛਾਇਆ ਹੇਠ ਖੜ੍ਹੀ ਹਰ ਪਾਰਟੀ 1984 ਦੇ ਸਿੱਖ ਵਿਰੋਧੀ ' ਦੰਗਿਆਂ ਦੀ ਦੋਸ਼ੀ ਹੈ।

ਬੁੱਧਵਾਰ ਦਵਾਰਕਾ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਵਿਕਾਸ ਮਾਡਲ ‘ਰਾਸ਼ਟਰ ਪਹਿਲਾਂ’ ਲਈ ਵਚਨਬੱਧ ਹੈ ਪਰ ਕਾਂਗਰਸ ਤੇ ‘ਇੰਡੀਆ’ ਗੱਠਜੋੜ ਦਾ ਇਕੋ ਇਕ ਏਜੰਡਾ ‘ਪਰਿਵਾਰ ਪਹਿਲਾਂ’ ਹੈ।

ਉਨ੍ਹਾਂ ਕਿਹਾ ਕਿ ਦੇਸ਼ ਇਹ ਵੀ ਸਮਝਦਾ ਹੈ ਕਿ ਜੇ ਗਲਤੀ ਨਾਲ ‘ਇੰਡੀਆ’ ਗੱਠਜੋੜ ਦੇ ਹੱਕ ’ਚ ਕੋਈ ਵੋਟ ਪੈ ਜਾਂਦੀ ਹੈ ਤਾਂ ਉਸ ਵੋਟ ਦਾ ਦੇਸ਼ ਲਈ ਕੋਈ ਲਾਭ ਨਹੀਂ ਹੋਣ ਵਾਲਾ। ਭਾਜਪਾ ਨੂੰ ਦਿੱਤੀ ਗਈ ਹਰ ਵੋਟ ‘ਵਿਕਸਿਤ ਭਾਰਤ’ ਦੇ ਸੰਕਲਪ ਨੂੰ ਮਜ਼ਬੂਤ ​​ਕਰੇਗੀ। ਇਹੀ ਕਾਰਨ ਹੈ ਕਿ ਲੋਕਾਂ ਦਾ ਵਿਸ਼ਾਲ ਸਮੁੰਦਰ ਵੀ ਇਕ ਆਵਾਜ਼ ਵਿਚ ਕਹਿ ਰਿਹਾ ਹੈ ਕਿ ‘ਮੋਦੀ ਸਰਕਾਰ ਫਿਰ ਏਕ ਬਾਰ’।

ਕਾਂਗਰਸ ਤੇ ‘ਇੰਡੀਆ’ ਗੱਠਜੋੜ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ’ਚ ਸਿੱਖਾਂ ਨੂੰ ਜਿਉਂਦਾ ਸਾੜ ਦਿੱਤਾ ਗਿਆ। ‘ਇੰਡੀਆ’ ਗੱਠਜੋੜ ਦੇ ਲੋਕ ਜਵਾਬ ਦੇਣ? ਇਸੇ ਦਿੱਲੀ ਵਿਚ ਸਾਡੇ ਸਿੱਖ ਭੈਣਾਂ-ਭਰਾਵਾਂ ਦੇ ਗਲ ’ਚ ਟਾਇਰ ਪਾ ਕੇ ਉਨ੍ਹਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ। ਇਹ ਕਿਸ ਦਾ ਗੁਨਾਹ ਸੀ? ਅੱਜ ਕਾਂਗਰਸ ਦੀ ਛਤਰ ਛਾਇਆ ਹੇਠ ਖੜ੍ਹੀ ਹਰ ਪਾਰਟੀ ਸਿੱਖ ਵਿਰੋਧੀ ਦੰਗਿਆਂ ਦੀ ਦੋਸ਼ੀ ਹੈ। ਇਹ ਮੋਦੀ ਹੀ ਹੈ ਜੋ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦੁਆ ਰਿਹਾ ਹੈ।

ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਰਾਹੀਂ ਦਿੱਲੀ ਨੂੰ ਲੁੱਟ ਲਿਆ। ਮੈਂ ਦਿੱਲੀ ਤੋਂ ਪੂਰੇ ਦੇਸ਼ ਨੂੰ ਗਾਰੰਟੀ ਦੇ ਰਿਹਾ ਹਾਂ ਕਿ ਮੈਂ ਪਿਛਲੇ 10 ਸਾਲਾਂ ’ਚ ਜੋ ਕੁਝ ਕੀਤਾ ਹੈ, ਉਸ ਤੋਂ ਵੱਧ ਜ਼ੋਰ ਨਾਲ ਇਨ੍ਹਾਂ ਭ੍ਰਿਸ਼ਟ ਲੋਕਾਂ ਦੀਆਂ ਜਾਇਦਾਦਾਂ ਦਾ ਐਕਸਰੇ ਕਰਾਂਗਾ। ਬਿਨਾਂ ਡਰੇ, ਬਿਨਾਂ ਥੱਕੇ, ਬਿਨਾਂ ਦਬਾਅ ਹੇਠ ਆਏ। ਸ਼ਰਾਬ ਘਪਲਾ ਹੋਵੇ ਜਾਂ ਨੈਸ਼ਨਲ ਹੈਰਾਲਡ ਘਪਲਾ, ਭ੍ਰਿਸ਼ਟਾਚਾਰੀਆਂ ਤੋਂ ਇਕ-ਇਕ ਪਾਈ ਵਸੂਲੀ ਜਾਏਗੀ। ਜਿਸ ਨੇ ਜੋ ਲੁੱਟਿਆ ਹੈ, ਉਸ ਨੂੰ ਉਹ ਵਾਪਸ ਕਰਨਾ ਹੀ ਪਵੇਗਾ।


Rakesh

Content Editor

Related News