ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨੂੰ ਮਿਲੇ PM ਮੋਦੀ, ਵਿਦਿਆਰਥੀਆਂ ਨੂੰ ਦਿੱਤੇ ਇਹ ਸੁਝਾਅ
Wednesday, Jan 25, 2023 - 10:55 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਲੋਕ ਕਲਿਆਣ ਮਾਰਗ ’ਤੇ ਆਪਣੇ ਸਰਕਾਰੀ ਨਿਵਾਸ ’ਤੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਮਾਨਸਿਕ ਸਿਹਤ ਸਮੇਤ ਕਈ ਵਿਸ਼ਿਆਂ ’ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਦੇ ਇਕ ਬਿਆਨ ਮੁਤਾਬਕ ਮੋਦੀ ਨੇ ਇਨ੍ਹਾਂ ਪੁਰਸਕਾਰ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਅਤੇ ਉਨ੍ਹਾਂ ਦੀਆਂ ਉਪਲੱਭਦੀਆਂ ’ਤੇ ਉਨ੍ਹਾਂ ਨਾਲ ਚਰਚਾ ਕੀਤੀ।
ਆਤਮਵਿਸ਼ਵਾਸ ਵਿਕਸਿਤ ਕਰਨ ਦਾ ਦਿੱਤਾ ਸੁਝਾਅ
ਬਿਆਨ ਮੁਤਾਬਕ ਇਨ੍ਹਾਂ ਬੱਚਿਆਂ ਨੇ ਆਪਣੇ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ ਬਾਰੇ ਪ੍ਰਧਾਨ ਮੰਤਰੀ ਨੂੰ ਕਈ ਸਵਾਲ ਪੁੱਛੇ ਅਤੇ ਵੱਖ-ਵੱਖ ਵਿਸ਼ਿਆਂ ’ਤੇ ਉਨ੍ਹਾਂ ਦਾ ਮਾਰਗਦਰਸ਼ਨ ਮੰਗਿਆ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਜੀਵਨ ਵਿਚ ਅੱਗੇ ਵਧਣ ਲਈ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਹੱਲ ਕਰ ਕੇ ਸ਼ੁਰੂਆਤ ਕਰਨ, ਹੌਲੀ-ਹੌਲੀ ਸਮਰੱਥਾ ਦਾ ਨਿਰਮਾਣ ਕਰਨ ਅਤੇ ਉਸ ਦਾ ਵਿਸਥਾਰ ਕਰਨ ਤੇ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਤਮਵਿਸ਼ਵਾਸ ਵਿਕਸਿਤ ਕਰਨ ਦੀ ਸਲਾਹ ਦਿੱਤੀ। ਮਾਨਸਿਕ ਸਿਹਤ ਅਤੇ ਬੱਚਿਆਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਇਸ ਮੁੱਦੇ ਦੇ ਕਲੰਕ ਨੂੰ ਦੂਰ ਕਰਨ ਅਤੇ ਅਜਿਹੇ ਮੁੱਦਿਆਂ ਨਾਲ ਨਜਿੱਠਣ 'ਚ ਪਰਿਵਾਰ ਦੀ ਮਹੱਤਵਪੂਰਨ ਭੂਮਿਕਾ ਬਾਰੇ ਗੱਲ ਕੀਤੀ।
ਇਨ੍ਹਾਂ ਵਿਸ਼ਿਆਂ 'ਤੇ ਚਰਚਾ ਕੀਤੀ
ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਵਲੋਂ ਕਈ ਹੋਰ ਵਿਸ਼ਿਆਂ 'ਤੇ ਵੀ ਚਰਚਾ ਕੀਤੀ ਗਈ, ਜਿਸ 'ਚ ਸ਼ਤਰੰਜ ਖੇਡਣ ਦੇ ਲਾਭ, ਕਲਾ ਅਤੇ ਸੱਭਿਆਚਾਰ ਨੂੰ ਕੈਰੀਅਰ ਵਜੋਂ ਅਪਣਾਉਣ, ਖੋਜ ਅਤੇ ਨਵੀਨਤਾ, ਅਧਿਆਤਮਿਕਤਾ ਆਦਿ ਸ਼ਾਮਲ ਹਨ।
ਕਿਉਂ ਦਿੱਤਾ ਜਾਂਦਾ ਹੈ ਰਾਸ਼ਟਰੀ ਬਾਲ ਪੁਰਸਕਾਰ?
ਭਾਰਤ ਸਰਕਾਰ ਬੱਚਿਆਂ ਨੂੰ 6 ਖੇਤਰਾਂ- ਨਵੀਨਤਾ, ਸਮਾਜ ਸੇਵਾ, ਵਿਦਿਅਕ, ਖੇਡਾਂ, ਕਲਾ ਅਤੇ ਸੱਭਿਆਚਾਰ ਅਤੇ ਬਹਾਦਰੀ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕਰ ਕਰਦੀ ਹੈ। ਹਰੇਕ ਪੁਰਸਕਾਰ ਜੇਤੂ ਨੂੰ ਇਕ ਮੈਡਲ, 1 ਲੱਖ ਰੁਪਏ ਦਾ ਨਕਦ ਇਨਾਮ ਅਤੇ ਇਕ ਸਰਟੀਫਿਕੇਟ ਦਿੱਤਾ ਜਾਂਦਾ ਹੈ।