ਦੁਨੀਆ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ''ਚ ਸ਼ਾਮਲ ਹੋਏ ਪੀ.ਐੱਮ. ਮੋਦੀ

03/29/2018 12:34:30 PM

ਨਿਊਯਾਰਕ/ਨਵੀਂ ਦਿੱਲੀ (ਬਿਊਰੋ)— ਟਾਈਮ ਪਤੱਰਿਕਾ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਸੂਚੀ ਦੇ ਦਾਅਵੇਦਾਰਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ। ਉਨ੍ਹਾਂ ਦੇ ਇਲਾਵਾ ਮਾਈਕ੍ਰੋਸੋਫਟ ਦੇ ਭਾਰਤੀ ਮੂਲ ਦੇ ਸੀ. ਈ. ਓ. ਸੱਤਯਾ ਨੰਡੇਲਾ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸ ਸੂਚੀ ਵਿਚ ਸ਼ਾਮਲ ਹਨ। ਇਸ ਸੂਚੀ ਵਿਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੋ ਮੌਜੂਦਾ ਸਮੇਂ ਵਿਚ ਦੁਨੀਆ 'ਤੇ ਆਪਣਾ ਪ੍ਰਭਾਵ ਪਾ ਰਹੇ ਹਨ। ਬੀਤੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਟਾਈਮ ਦੀ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਸਾਲਾਨਾ ਸੂਚੀ ਬਣਾਈ ਜਾ ਰਹੀ ਹੈ। ਇਸ ਵਿਚ ਦੁਨੀਆ ਭਰ ਦੇ ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੇ ਕਲਾਕਾਰਾਂ, ਨੇਤਾਵਾਂ, ਵਿਗਿਆਨੀਆਂ, ਕਾਰਜ ਕਰਤਾਵਾਂ ਅਤੇ ਉਦਯੋਗਪਤੀਆਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ। ਇਸ ਸਾਲ ਦੀ ਸੂਚੀ ਦਾ ਐਲਾਨ ਅਗਲੇ ਮਹੀਨੇ ਕੀਤਾ ਜਾਵੇਗਾ।
ਸੂਚੀ ਵਿਚ ਨਾਮ ਸ਼ਾਮਲ ਕਰਨ ਦੇ ਬਾਰੇ ਵਿਚ ਅਖੀਰੀ ਫੈਸਲਾ ਟਾਈਮ ਦੇ ਸੰਪਾਦਕਾਂ ਦਾ ਹੁੰਦਾ ਹੈ ਪਰ ਪਤੱਰਿਕਾ ਨੇ ਪਾਠਕਾਂ ਤੋਂ ਇਸ ਸਾਲ ਦੇ ਜ਼ਿਆਦਾ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੇ ਬਾਰੇ ਵਿਚ ਆਨਲਾਈਨ ਵੋਟ ਕਰਨ ਦੀ ਅਪੀਲ ਕੀਤੀ ਹੈ। ਮੋਦੀ ਦਾ ਨਾਮ ਸਾਲ 2016 ਅਤੇ ਸਾਲ 2017 ਵਿਚ ਵੀ ਦਾਅਵੇਦਾਰਾਂ ਦੀ ਸੂਚੀ ਵਿਚ ਸ਼ਾਮਲ ਸੀ। ਪਤੱਰਿਕਾ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੋਦੀ 'ਤੇ ਇਕ ਲੇਖ ਵੀ ਲਿਖਿਆ ਸੀ। ਟਾਈਮ 100 ਦੇ ਉਕਤ ਦਾਅਵੇਦਾਰਾਂ ਤੋਂ ਇਲਾਵਾ ਇਸ ਸਾਲ ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ, ਪਾਕਿਸਤਾਨੀ-ਅਮਰੀਕੀ ਅਦਾਕਾਰ ਕੁਮੇਲ ਨਾਨਜਿਆਨੀ, ਟਰੰਪ ਦੀ ਬੇਟੀ ਇਵਾਂਕਾ ਤੇ ਦਾਮਾਦ ਅਤੇ ਸੀਨੀਅਰ ਸਲਾਹਕਾਰ ਜੇਅਰਸ ਕੁਸ਼ਨਰ, ਫੇਸਬੁੱਕ ਦੇ ਸੀ. ਈ. ਓ. ਮਾਰਕ ਜੁਕਰਬਰਗ, ਐਮਾਜ਼ਾਨ ਦੇ ਚੀਫ ਬੇਜੋਸ, ਬ੍ਰਿਟਿਸ਼ ਰਾਇਲ ਪਰਿਵਾਰ ਦੇ ਮੈਂਬਰ ਪ੍ਰਿੰਸ ਵਿਲੀਅਮ, ਉਸ ਦੀ ਪਤਨੀ ਡਚੇਜ ਆਫ ਕੈਮਬ੍ਰਿਜ ਕੈਥਰੀਨ, ਪ੍ਰਿੰਸ ਹੈਰੀ ਅਤੇ ਉਸ ਦੀ ਮੰਗੇਤਰ ਮੇਘਨ ਮਾਰਕੇਲ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਹਨ।


Related News