PM ਮੋਦੀ ਨੇ ਮੰਤਰੀ ਮੰਡਲ ’ਚ ਸ਼ਾਮਲ ਕਰਨ ਨੂੰ ਲੈ ਕੇ ਪੰਜਾਬ ਦੇ ਅੱਧਾ ਦਰਜਨ ਨੇਤਾਵਾਂ ਨੂੰ ਦਿੱਤਾ ਕਰਾਰਾ ਝਟਕਾ
Monday, Jun 10, 2024 - 05:01 AM (IST)
ਲੁਧਿਆਣਾ (ਹਿਤੇਸ਼)- ਪੀ.ਐੱਮ. ਮੋਦੀ ਵਲੋਂ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਇਲਾਵਾ ਪੰਜਾਬ ਦੇ ਅੱਧਾ ਦਰਜਨ ਨੇਤਾਵਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਇਹ ਗੱਲ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਬਣਾਉਣ ਦੇ ਚੱਲਦੇ ਸਾਹਮਣੇ ਆਈ ਹੈ ਕਿਉਂਕਿ ਜੇਕਰ ਹਾਰਨ ਦੇ ਬਾਅਦ ਵੀ ਕੇਂਦਰੀ ਮੰਤਰੀ ਬਣਾਉਣ ਵਿਚ ਸ਼ਾਮਲ ਵਰਿਸ਼ਠਤਾ ’ਤੇ ਨਜ਼ਰ ਮਾਰੀਏ ਤਾਂ ਪਹਿਲਾ ਨੰਬਰ ਕੈਪਟਨ ਦੇ ਪਰਿਵਾਰ ਦਾ ਆਉਂਦਾ ਹੈ, ਜੋ 2022 ਤੋਂ ਪਹਿਲਾਂ ਹੀ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਪ੍ਰਨੀਤ ਕੌਰ ਕੇਂਦਰੀ ਮਤਰੀ ਦੇ ਨਾਲ 4 ਵਾਰ ਐੱਮ.ਪੀ. ਰਹਿ ਚੁੱਕੀ ਹੈ ਪਰ ਉਨ੍ਹਾਂ ਦੇ ਪਰਿਵਾਰ ਨੂੰ ਪਹਿਲਾਂ ਅਤੇ ਹੁਣ ਕੇਂਦਰ ਸਰਕਾਰ ਵਿਚ ਕੋਈ ਜਗ੍ਹਾ ਨਹੀਂ ਦਿੱਤੀ ਗਈ।
ਇਸੇ ਕੈਟਾਗਿਰੀ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਨਾਂ ਵੀ ਸ਼ਾਮਲ ਹੈ। ਇਸ ਦੇ ਇਲਾਵਾ ਪੰਜਾਬ ਤੋਂ ਮੰਤਰੀ ਅਹੁਦੇ ਦੀ ਦੌੜ ’ਚ ਸ਼ਾਮਲ 4 ਨੇਤਾ ਦਲਿਤ ਸਮਾਜ ਤੋਂ ਆਉਂਦੇ ਹਨ। ਇਨ੍ਹਾਂ ਵਿਚੋਂ ਸੋਮ ਪ੍ਰਕਾਸ਼ ਅਤੇ ਵਿਜੇ ਸਾਂਪਲਾ ਪਹਿਲਾਂ ਮੋਦੀ ਕੈਬਨਿਟ ਵਿਚ ਮੰਤਰੀ ਰਹੇ ਹਨ। ਇਸ ਵਾਰ ਵਿਜੇ ਸਾਂਪਲਾ ਦੀ ਟਿਕਟ ਕੱਟ ਦਿੱਤੀ ਗਈ ਅਤੇ ਸੋਮ ਪ੍ਰਕਾਸ਼ ਦੀ ਜਗ੍ਹਾ ਉਨ੍ਹਾਂ ਦੀ ਪਤਨੀ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਮੋਦੀ ਕੈਬਨਿਟ ਦਾ ਹਿੱਸਾ ਬਣੇ ਰਵਨੀਤ ਬਿੱਟੂ, ਅਜਿਹਾ ਕਰਨ ਵਾਲੇ ਬਣੇ ਤੀਜੇ ਮੰਤਰੀ
ਇਸੇ ਤਰ੍ਹਾਂ ਦਿੱਲੀ ਤੋਂ ਟਿਕਟ ਕੱਟਣ ਦੇ ਬਾਅਦ ਫਰੀਦਕੋਟ ਚੋਣ ਲੜਨ ਦੇ ਲਈ ਭੇਜੇ ਗਏ ਹੰਸ ਰਾਜ ਹੰਸ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਜੇਕਰ ਕੁਝ ਸਮਾਂ ਪਹਿਲਾ ਆਪਣੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਪੰਜਾਬ ਦੇ ਮੌਜੂਦਾ ਸੰਸਦ ਮੈਂਬਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚ ਜਲੰਧਰ ਦੇ ਸੁਸ਼ੀਲ ਰਿੰਕੂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਮੰਤਰੀ ਨਾ ਬਣਨ ਦਾ ਅਫਸੋਸ ਜ਼ਰੂਰ ਹੋ ਰਿਹਾ ਹੋਵੇਗਾ।
ਇਸ ਵਾਰ ਕੈਬਨਿਟ ਵਿਚ ਨਜ਼ਰ ਨਹੀਂ ਆਉਣਗੇ ਪੰਜਾਬ ਨਾਲ ਸਬੰਧਤ ਪੁਰਾਣੇ ਮੰਤਰੀ
ਪੀ.ਐੱਮ. ਮੋਦੀ ਵੱਲੋਂ ਜਿਥੇ ਲੋਕ ਸਭਾ ਚੋਣ ਤੋਂ ਪਹਿਲਾ ਕਈ ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਟਿਕਟ ਕੱਟ ਦਿੱਤੀ ਗਈ ਸੀ। ਉਥੇ ਹੁਣ ਕਈ ਪੁਰਾਣੇ ਮੰਤਰੀਆਂ ਨੂੰ ਕੈਬਨਿਟ ਵਿਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਕਈ ਇਸ ਤਰ੍ਹਾਂ ਦੇ ਪੁਰਾਣੇ ਮੰਤਰੀ ਹਨ, ਜੋ ਲੋਕ ਸਭਾ ਚੋਣ ਹਾਰਨ ਦੀ ਵਜ੍ਹਾ ਨਾਲ ਮੋਦੀ ਮੰਤਰੀ ਮੰਡਲ ਦਾ ਹਿੱਸਾ ਨਹੀਂ ਬਣ ਸਕਦੇ।
ਇਨ੍ਹਾਂ ਵਿਚ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸੋਮ ਪ੍ਰਕਾਸ਼ ਦੀ ਪਤਨੀ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਗਿਆ ਸੀ ਪਰ ਉਹ ਚੋਣ ਹਾਰ ਗਈ ਹੈ ਤੇ ਹੁਣ ਫ਼ਿਰ ਵਿਜੇ ਸਾਂਪਲਾ ਨੂੰ ਟਿਕਟ ਨਹੀਂ ਦਿੱਤੀ ਗਈ ਜਦਕਿ ਪਿਛਲੀ ਵਾਰ ਮੋਦੀ ਦੀ ਸਰਕਾਰ ’ਚ ਮੰਤਰੀ ਰਹੀ ਹਰਸਿਮਰਤ ਬਾਦਲ ਇਸ ਵਾਰ ਫਿਰ ਬਠਿੰਡਾ ਤੋਂ ਲੋਕ ਸਭਾ ਚੋਣ ਤਾਂ ਜਿੱਤ ਗਈ ਹੈ ਪਰ ਕਿਸਾਨ ਅੰਦੋਲਨ ਦੇ ਮੁੱਦੇ ’ਤੇ ਐੱਨ.ਡੀ.ਏ. ਛੱਡਣ ਦੇ ਬਾਅਦ ਅਕਾਲੀ ਦਲ ਦੁਬਾਰਾ ਉਸ ਵਿਚ ਸ਼ਾਮਲ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ- ਜੇ.ਪੀ. ਨੱਢਾ ਨੇ ਮੋਦੀ ਕੈਬਨਿਟ 'ਚ ਮੰਤਰੀ ਵਜੋਂ ਚੁੱਕੀ ਸਹੁੰ, ਹੁਣ ਕੌਣ ਹੋਵੇਗਾ ਭਾਜਪਾ ਦਾ ਕੌਮੀ ਪ੍ਰਧਾਨ ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e