ਗਠਜੋੜ ਦੀ ਪਹਿਲੀ ਪ੍ਰੀਖਿਆ ’ਚ ਮੋਦੀ ਹੋਏ ਪਾਸ

06/11/2024 5:35:39 PM

ਆਖਰ ਨਰਿੰਦਰ ਮੋਦੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਨੇ 1925, 1957 ਅਤੇ 1962 ’ਚ ਲਗਾਤਾਰ ਦੇਸ਼ ਦੀ ਸੱਤਾ ਸੰਭਾਲੀ ਸੀ। 2014 ’ਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ 9 ਜੂਨ ਦੀ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਕੇ ਪੰਡਿਤ ਨਹਿਰੂ ਦੇ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ।

2014 ਅਤੇ 2019 ’ਚ ਆਪਣੇ ਦਮ ’ਤੇ ਬਹੁਮਤ ਮਿਲਣ ਦੇ ਬਾਵਜੂਦ ਭਾਜਪਾ ਨੇ ਸਹਿਯੋਗੀ ਪਾਰਟੀਆਂ ਨਾਲ ਮਿਲ ਕੇ ਐੱਨ. ਡੀ. ਏ. ਦੀ ਸਰਕਾਰ ਬਣਾਈ ਸੀ ਪਰ ਇਸ ਵਾਰ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਪਿੱਛੇ ਰਹਿ ਜਾਣ ਕਾਰਨ ਗੱਠਜੋੜ ਸਰਕਾਰ ਮਜਬੂਰੀ ਬਣ ਗਈ। ਮਜਬੂਰੀ ਵਧੇਰੇ ਵੱਡੀ ਸਿਰਫ ਇਸ ਲਈ ਨਹੀਂ ਹੈ ਕਿ ਇਸ ਵਾਰ ਭਾਜਪਾ ਕੋਲ ਆਪਣਾ ਬਹੁਮਤ ਨਹੀਂ ਹੈ, ਸਗੋਂ ਗੱਠਜੋੜ ’ਚ ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਵਰਗੇ ਸਹਿਯੋਗੀ ਵੀ ਹਨ ਜੋ ਗੱਠਜੋੜ ਦੀ ਸਿਆਸਤ ਦੇ ਮਾਹਿਰ ਸੌਦੇਬਾਜ਼ ਮੰਨੇ ਜਾਂਦੇ ਹਨ।

ਇਸ ਪੱਖੋਂ 9 ਜੂਨ ਦੀ ਸ਼ਾਮ ਪ੍ਰਧਾਨ ਮੰਤਰੀ ਮੋਦੀ ਨਾਲ ਸਹੁੰ ਚੁੱਕਣ ਵਾਲੇ ਮੰਤਰੀ ਮੰਡਲ ਦੇ ਮੈਂਬਰਾਂ ’ਤੇ ਨਜ਼ਰ ਮਾਰੀਏ ਤਾਂ ਕਿਹਾ ਜਾ ਸਕਦਾ ਹੈ ਕਿ ਉਹ ਆਪਣੀ ਪ੍ਰੀਖਿਆ ’ਚ ਸਫਲ ਰਹੇ ਹਨ। ਸਹੁੰ ਚੁੱਕ ਸਮਾਰੋਹ ’ਚ ਐੱਨ. ਡੀ. ਏ. ਦੀਆਂਸਭ ਸਹਿਯੋਗੀ ਪਾਰਟੀਆਂਦੇ ਨੇਤਾ ਮੌਜੂਦ ਸਨ। ਮੰਤਰੀ ਮੰਡਲ ’ਚ ਪ੍ਰਤੀਨਿਧਤਾ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਸਾਹਮਣੇ ਨਹੀਂ ਆਈ।ਹਾਂ, ਐੱਨ.ਸੀ.ਪੀ. ਦੇ ਅਜੀਤ ਪਵਾਰ ਗਰੁੱਪ ਦੇ ਮੋਦੀ ਮੰਤਰੀ ਮੰਡਲ ’ਚ ਸ਼ਾਮਲ ਨਾ ਹੋਣ ਕਾਰਨ ਮਹਾਰਾਸ਼ਟਰ ਦੀ ਭਵਿੱਖ ਦੀ ਸਿਆਸਤ ਨੂੰ ਲੈ ਕੇ ਕੁਝ ਅੰਦਾਜ਼ੇ ਲਾਏ ਜਾ ਸਕਦੇ ਹਨ। ਲੋਕ ਸਭਾ ਦੀ ਸਿਰਫ ਇਕ ਸੀਟ ਜਿੱਤ ਸਕੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਦੀ ਐੱਨ.ਸੀ.ਪੀ. ਦੇ ਪ੍ਰਫੁੱਲ ਪਟੇਲ ਨੂੰ ਆਜ਼ਾਦ ਵਿਭਾਗ ਨਾਲ ਰਾਜ ਮੰਤਰੀ ਦਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਨੂੰ ਬੀਤੇ ਸਮੇਂ ’ਚ ਕੈਬਨਿਟ ਮੰਤਰੀ ਰਹਿ ਚੁੱਕੇ ਪ੍ਰਫੁੱਲ ਨੇ ਆਪਣੀ ਡਿਮੋਸ਼ਨ ਦੱਸਦੇ ਹੋਏ ਅਪ੍ਰਵਾਣ ਕਰ ਦਿੱਤਾ।

ਲੋਕ ਸਭਾ ਦੀ ਇਕ ਸੀਟ ਦੇ ਦਮ ’ਤੇ ਅਜੀਤ ਪਵਾਰ ਸੌਦੇਬਾਜ਼ੀ ਕਰ ਸਕਣ ਦੀ ਹਾਲਤ ’ਚ ਨਹੀਂ ਹਨ। ਇਸ ਲਈ ਮੋਦੀ ਸਰਕਾਰ ’ਤੇ ਉਨ੍ਹਾਂ ਦੀ ਐੱਨ.ਸੀ.ਪੀ. ਦੀ ਕੋਈ ਭਾਈਵਾਲੀ ਨਹੀਂ ਪਰ ਇਸ ਸਭ ਦਾ ਅਸਰ ਇਸ ਸਾਲ ਅਕਤੂਬਰ ’ਚ ਹੋਣ ਵਾਲੀਆਂਵਿਧਾਨ ਸਭਾ ਦੀਆਂਚੋਣਾਂ ’ਤੇ ਕੀ ਪਵੇਗਾ, ਇਹ ਵੇਖਣਾ ਦਿਲਚਸਪ ਹੋਵੇਗਾ। ਉਨ੍ਹਾਂ ਦੇ ਗਰੁੱਪ ਦੇ ਇਕ ਦਰਜਨ ਤੋਂ ਵੀ ਵੱਧ ਵਿਧਾਇਕਾਂ ਦੇ ਸ਼ਰਦ ਪਵਾਰ ਦੇ ਸੰਪਰਕ ’ਚ ਹੋਣ ਦੀਆਂਖਬਰਾਂ ਹਨ।

ਸ਼ਿਵ ਸੈਨਾ ਤੋੜ ਕੇ ਮੁੱਖ ਮੰਤਰੀ ਬਣਨ ਵਾਲੇ ਏਕਨਾਥ ਸ਼ਿੰਦੇ ਕਿਤੇ ਵੱਧ ਕਮਜ਼ੋਰ ਮੰਨੇ ਜਾ ਰਹੇ ਸਨ ਪਰ ਘੱਟੋ-ਘੱਟ ਲੋਕ ਸਭਾ ਦੀਆਂਚੋਣਾਂ ’ਚ ਉਨ੍ਹਾਂ ਦਾ ਪ੍ਰਦਰਸ਼ਨ ਅਜੀਤ ਪਵਾਰ ਦੀ ਅੈੱਨ.ਸੀ.ਪੀ. ਨਾਲੋਂ ਚੰਗਾ ਰਿਹਾ। ਇਸ ਦਾ ਇਨਾਮ ਵੀ ਉਨ੍ਹਾਂ ਨੂੰ ਮੋਦੀ ਮੰਤਰੀ ਮੰਡਲ ’ਚ ਇਕ ਕੈਬਨਿਟ ਅਤੇ ਇਕ ਰਾਜ ਮੰਤਰੀ ਵਜੋਂ ਮਿਲਿਆ ਹੈ। ਮਹਾਰਸ਼ਟਰ ਤੋਂ ਕੁੱਲ 6 ਮੰਤਰੀ ਬਣਾਏ ਗਏ ਹਨ, ਜਿਨ੍ਹਾਂ ’ਚ ਭਾਜਪਾ ਦੀ ਰਕਸ਼ਾ ਖੜਸੇ ਵੀ ਸ਼ਾਮਲ ਹਨ, ਜਿਨ੍ਹਾਂ ਦੇ ਸਹੁਰਾ ਸਾਹਿਬ ਏਕਨਾਥ ਖੜਸੇ ਅਜੇ ਸ਼ਰਦ ਪਵਾਰ ਦੀ ਐੱਨ. ਸੀ. ਪੀ. ਦੇ ਐੱਮ.ਐੱਲ.ਸੀ. ਹਨ। ਉਹ ਜਲਦੀ ਹੀ ਆਪਣੀ ਪੁਰਾਣੀ ਪਾਰਟੀ ਭਾਜਪਾ ’ਚ ਵਾਪਸ ਆ ਜਾਣਗੇ।

ਹਰਿਆਣਾ ’ਚ ਵੀ ਇਸੇ ਸਾਲ ਅਕਤੂਬਰ ’ਚ ਵਿਧਾਨ ਸਭਾ ਦੀਆਂਚੋਣਾਂ ਹੋਣ ਵਾਲੀਆਂਹਨ। ਉਥੋਂ ਇਕ ਕੈਬਨਿਟ ਮੰਤਰੀ ਸਮੇਤ ਕੁਲ 3 ਮੰਤਰੀ ਬਣਾਏ ਗਏ ਹਨ। ਦਿੱਲੀ ’ਚ ਵਿਧਾਨ ਸਭਾ ਦੀਆਂਚੋਣਾਂ ਅਗਲੇ ਸਾਲ ਫਰਵਰੀ ’ਚ ਹੋਣੀਆਂਹਨ। ਉੱਥੋਂ ਇਕ ਰਾਜ ਮੰਤਰੀ ਬਣਾਇਆ ਗਿਆ ਹੈ। ਤੀਜੀ ਵਾਰ ਸੰਸਦ ਮੈਂਬਰ ਬਣੇ ਭੋਜਪੁਰੀ ਗਾਇਕ ਮਨੋਜ ਤਿਵਾੜੀ ਖੁੰਝ ਗਏ ਪਰ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਰਸ਼ ਮਲਹੋਤਰਾ ਦੀ ਲਾਟਰੀ ਨਿਕਲ ਗਈ।

ਮੋਦੀ ਸਰਕਾਰ ’ਚ ਇਸ ਵਾਰ ਪ੍ਰਧਾਨ ਮੰਤਰੀ ਤੋਂ ਇਲਾਵਾ 30 ਕੈਬਨਿਟ ਮੰਤਰੀ, 5 ਆਜ਼ਾਦ ਵਿਭਾਗ ਵਾਲੇ ਰਾਜ ਮੰਤਰੀ ਅਤੇ 36 ਰਾਜ ਮੰਤਰੀਆਂਸਮੇਤ ਕੁੱਲ 71 ਮੰਤਰੀ ਸ਼ਾਮਲ ਹਨ। ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਨਿਰਮਲਾ ਸੀਤਾਰਮਨ ਅਤੇ ਪਿਊਸ਼ ਗੋਇਲ ਵਰਗੇ ਪੁਰਾਣੇ ਚਿਹਰੇ ਤੈਅ ਮੰਨੇ ਜਾ ਰਹੇ ਸਨ ਪਰ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ , ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਅਤੇ ਸਭ 29 ਲੋਕ ਸਭਾ ਸੀਟਾਂ ਜਿਤਾਉਣ ਵਾਲੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਰਗੇ ਕੁਝ ਨਵੇਂ ਚਿਹਰੇ ਵੀ ਸ਼ਾਮਲ ਹੋਏ ਹਨ।

ਇਸ ਵਾਰ ਮੋਦੀ ਮੰਤਰੀ ਮੰਡਲ ’ਚ ਸਾਬਕਾ ਮੁੱਖ ਮੰਤਰੀਆਂਦੀ ਗਿਣਤੀ 5 ਹੈ। ਜੀਤਨ ਰਾਮ ਮਾਂਝੀ, ਸਰਵਾਨੰਦ, ਸੋਨੋਵਾਲ ਅਤੇ ਐੱਚ. ਡੀ. ਕੁਮਾਰਸਵਾਮੀ ਵੀ ਕਰਮਵਾਰ ਬਿਹਾਰ, ਆਸਾਮ ਅਤੇ ਕਰਨਾਟਕ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਜੇ.ਪੀ. ਨੱਡਾ ਨੂੰ ਮੰਤਰੀ ਬਣਾਏ ਜਾਣ ਕਾਰਨ ਭਾਜਪਾ ਨੂੰ ਨਵਾਂ ਰਾਸ਼ਟਰੀ ਪ੍ਰਧਾਨ ਚੁਣਨਾ ਹੋਵੇਗਾ। ਉਂਝ ਵੀ ਲੋਕ ਸਭਾ ਦੀਆਂਚੋਣਾਂ ਕਾਰਨ ਵਧਾਇਆ ਗਿਆ ਨੱਡਾ ਦਾ ਕਾਰਜਕਾਲ ਇਸੇ ਜੂਨ ਮਹੀਨੇ ’ਚ ਖਤਮ ਹੋ ਰਿਹਾ ਹੈ।

ਨੱਡਾ ਦੇ ਮੰਤਰੀ ਬਣਨ ਕਾਰਨ ਹੀ ਸ਼ਾਇਦ ਅਨੁਰਾਗ ਸਿੰਘ ਠਾਕੁਰ ਦਾ ਪੱਤਾ ਇਸ ਵਾਰ ਕੱਟਿਆ ਗਿਆ ਹੈ। ਸਿਰਫ 4 ਲੋਕ ਸਭਾ ਦੀਆਂਸੀਟਾਂ ਵਾਲੇ ਹਿਮਾਚਲ ਪ੍ਰਦੇਸ਼ ਤੋਂ ਇਕ ਤੋਂ ਵੱਧ ਕੈਬਨਿਟ ਮੰਤਰੀ ਬਣਾਏ ਜਾਂਦੇ ਤਾਂ ਹੋਰਨਾਂ ਵੱਡੇ ਸੂਬਿਆਂ’ਚ ਅਸੰਤੁਲਨ ਪੈਦਾ ਹੋ ਜਾਂਦਾ। ਪਿਛਲੀ ਸਰਕਾਰ ਦੇ ਸਰਗਰਮ ਮੰਤਰੀਆਂ’ਚ ਸ਼ਾਮਲ ਅਨੁਰਾਗ ਠਾਕੁਰ ਵਧੇਰੇ ਬੋਲਣ ਵਾਲੇ ਮੰਨੇ ਜਾਂਦੇ ਹਨ ਪਰ ਆਧੁਨਿਕ ਸਿਆਸਤ ’ਚ ਤਾਂ ਇਹ ਗੱਲ ਕਿਸੇ ਨੇਤਾ ਦੇ ਹੱਕ ’ਚ ਜਾਂਦੀ ਹੈ।

ਇਕ ਪਾਸੇ ਬੜਬੋਲੀ ਮੰਤਰੀ ਸਮ੍ਰਿਤੀ ਇਰਾਨੀ ਵੀ ਇਸ ਵਾਰ ਮੋਦੀ ਸਰਕਾਰ ’ਚ ਨਹੀਂ ਹੈ। ਪਿਛਲੀ ਵਾਰ ਰਾਹੁਲ ਨੂੰ ਅਮੇਠੀ ਤੋਂ ਹਰਾ ਕੇ ਚਰਚਾ ’ਚ ਆਈ ਸਮ੍ਰਿਤੀ ਇਸ ਵਾਰ ਕਾਂਗਰਸ ਦੇ ਇਕ ਘੱਟ ਜਾਣੇ ਜਾਂਦੇ ਵਰਕਰ ਕਿਸ਼ੋਰੀ ਲਾਲ ਸ਼ਰਮਾ ਕੋਲੋਂ ਹਾਰ ਗਈ। ਉਂਝ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ’ਚ ਆਏ ਲੁਧਿਆਣਾ ਦੇ ਸਾਬਕਾ ਐੱਮ.ਪੀ. ਰਵਨੀਤ ਸਿੰਘ ਬਿੱਟੂ ਨੂੰ ਚੋਣਾਂ ’ਚ ਹਾਰਨ ਦੇ ਬਾਵਜੂਦ ਮੋਦੀ ਸਰਕਾਰ ’ਚ ਰਾਜ ਮੰਤਰੀ ਬਣਾਇਆ ਗਿਆ ਹੈ।

ਭਾਜਪਾ ਸ਼ਾਇਦ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਦੀ ਸਿਆਸਤ ’ਚ ਆਪਣੇ ਸਿੱਖ ਚਿਹਰੇ ਵਜੋਂ ਅੱਗੇ ਵਧਾਉਣਾ ਚਾਹੁੰਦੀ ਹੈ। ਬਿੱਟੂ ਅੱਤਵਾਦ ਦੇ ਸੰਘਰਸ਼ ’ਚ ਸ਼ਹੀਦ ਹੋਏ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਨ। ਇਸ ਰਣਨੀਤੀ ਅਧੀਨ ਕੇਰਲ ’ਚ ਭਾਜਪਾ ਦਾ ਖਾਤਾ ਖੋਲ੍ਹਣ ਵਾਲੇ ਅਭਿਨੇਤਾ ਤੋਂ ਸਿਆਸਤਦਾਨ ਬਣੇ ਸੁਰੇਸ਼ ਗੋਪੀ ਨੂੰ ਵੀ ਮੰਤਰੀ ਬਣਾਇਆ ਗਿਆ ਹੈ।

ਉਂਝ ਅੰਕੜਿਆਂਦੀ ਗੱਲ ਕਰੀਏ ਤਾਂ ਚੋਣ ਹਾਰ ਜਾਣ ਸਮੇਤ ਕਈ ਕਾਰਨਾਂ ਕਾਰਨ ਪਿਛਲੇ ਮੋਦੀ ਮੰਤਰੀ ਮੰਡਲ ਦੇ ਕੁੱਲ 37 ਚਿਹਰਿਆਂਨੂੰ ਇਸ ਵਾਰ ਬਾਹਰ ਦਾ ਰਾਹ ਵਿਖਾਇਆ ਗਿਆ ਹੈ ਜਦੋਂ ਕਿ 33 ਨਵੇਂ ਚਿਹਰਿਆਂਦੀ ਐਂਟਰੀ ਹੋਈ ਹੈ। ਨਵੇਂ ਚਿਹਰਿਆਂ’ਚ ਸਹਿਯੋਗੀ ਪਾਰਟੀਆਂਦੇ ਚਿਰਾਗ ਪਾਸਵਾਨ ਅਤੇ ਜਯੰਤ ਚੌਧਰੀ ਵੀ ਸ਼ਾਮਲ ਹਨ। ਪਿਛਲੀ ਸਰਕਾਰ ’ਚ ਚਾਚਾ ਪਸ਼ੂਪਤੀ ਪਾਰਸ ਨੂੰ ਸੱਤਾ ਸੁੱਖ ਦੇਣ ਵਾਲੀ ਭਾਜਪਾ ਨੇ ਇਸ ਵਾਰ ਭਤੀਜੇ ਚਿਰਾਗ ਦੀ ਲੋਕ ਜਨ ਸ਼ਕਤੀ ਪਾਰਟੀ ਨਾਲ ਗੱਠਜੋੜ ਕੀਤਾ ਸੀ।

ਲੋਕ ਜਨ ਸ਼ਕਤੀ ਬਿਹਾਰ ’ਚ ਗੱਠਜੋੜ ਕਾਰਨ ਮਿਲੀਆਂਸਭ 5 ਲੋਕ ਸਭਾ ਸੀਟਾਂ ਜਿੱਤ ਗਈ ਤਾਂ ਚਿਰਾਗ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ। ਉੱਤਰ ਪ੍ਰਦੇਸ਼ ’ਚ ਗੱਠਜੋੜ ਰਾਹੀਂ ਮਿਲੀਆਂਦੋ ਲੋਕ ਸਭਾ ਸੀਟਾਂ ਜਿਤਾਉਣ ’ਤੇ ਜਯੰਤ ਦੇ ਹਿੱਸੇ ਆਜ਼ਾਦ ਵਿਭਾਗ ਵਾਲੇ ਰਾਜ ਮੰਤਰੀ ਦਾ ਅਹੁਦਾ ਆਇਆ। ਸੂਬਾ ਵਾਰ ਵੇਖੀਏ ਤਾਂ ਬਿਹਾਰ ਦੇ ਕੁੱਲ 8 ਮੰਤਰੀਆਂ’ਚੋਂ 4 ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਜਦੋਂ ਕਿ ਉੱਤਰ ਪ੍ਰਦੇਸ਼ ਦੇ 9 ਮੰਤਰੀਆਂ’ਚੋਂ ਰਾਜਨਾਥ ਸਿੰਘ ਕੈਬਨਿਟ ਮੰਤਰੀ ਹਨ।

ਉਂਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਵੀ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਐੱਮ.ਪੀ. ਹਨ। ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ’ਚੋਂ ਕੁੱਲ 6 ਮੰਤਰੀ ਬਣਾਏ ਗਏ ਹਨ। ਇਸ ਵਾਰ ਮੋਦੀ ਮੰਤਰੀ ਮੰਡਲ ਦੇ ਕੁੱਲ 72 ਮੈਂਬਰਾਂ ’ਚੋਂ ਲਗਭਗ 10 ਫੀਸਦੀ ਅੌਰਤਾਂ ਹਨ ਜਦੋਂ ਕਿ ਓ.ਬੀ.ਸੀ., ਐੱਸ.ਸੀ. ਅਤੇ ਐੱਸ.ਟੀ. ਭਾਈਚਾਰੇ ਦੇ 42 ਮੈਂਬਰ ਮੰਤਰੀ ਬਣਾਏ ਗਏ ਹਨ।
ਰਾਜ ਕੁਮਾਰ ਸਿੰਘ


Tanu

Content Editor

Related News