ਪਾਮੇਲਾ ਗੋਸਵਾਮੀ ਦਾ ਦੋਸ਼, ਵਿਜੇਵਰਗੀਜ਼ ਦੇ ਸਹਿਯੋਗੀ ਰਾਕੇਸ਼ ਨੇ ਮੈਨੂੰ ਫਸਾਇਆ

Sunday, Feb 21, 2021 - 02:18 AM (IST)

ਪਾਮੇਲਾ ਗੋਸਵਾਮੀ ਦਾ ਦੋਸ਼, ਵਿਜੇਵਰਗੀਜ਼ ਦੇ ਸਹਿਯੋਗੀ ਰਾਕੇਸ਼ ਨੇ ਮੈਨੂੰ ਫਸਾਇਆ

ਕੋਲਕਾਤਾ - ਡਰੱਗਜ਼ ਮਾਮਲੇ ਵਿਚ ਗ੍ਰਿਫਤਾਰ ਕੀਤੀ ਗਈ ਭਾਜਪਾ ਦੀ ਯੂਥ ਸ਼ਾਖਾ ਦੀ ਮਹਿਲਾ ਆਗੂ ਪਾਮੇਲਾ ਗੋਸਵਾਮੀ ਨੇ ਸ਼ਨੀਵਾਰ ਆਪਣੀ ਪਾਰਟੀ ਦੇ ਹੀ ਇਕ ਸਹਿਯੋਗੀ ਰਾਕੇਸ਼ ਸਿੰਘ 'ਤੇ ਸਾਜ਼ਿਸ਼ ਰੱਚਣ ਦਾ ਦੋਸ਼ ਲਾਇਆ। ਉਨ੍ਹਾਂ ਸਾਰੇ ਮਾਮਲੇ ਦੀ ਸੀ.ਆਈ.ਡੀ. ਤੋਂ ਜਾਂਚ ਤੋਂ ਕਰਵਾਉਣ ਦੀ ਮੰਗ ਕੀਤੀ।
ਭਾਜਪਾ ਜਨਤਾ ਯੁਵਾ ਮੋਰਚਾ (ਭਾਜਯੁਮੋ) ਦੀ ਸੂਬਾਈ ਸਕੱਤਰ ਪਾਮੇਲਾ ਨੇ ਰਾਕੇਸ਼ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ। ਪਾਮੇਲਾ ਨੂੰ ਉਸ ਦੇ ਇਕ ਸਾਥੀ ਪ੍ਰਦੀਪ ਕੁਮਾਰ ਅਤੇ ਨਿੱਜੀ ਸੁਰੱਖਿਆ ਗਾਰਡ ਸਮੇਤ ਸ਼ੁੱਕਰਵਾਰ ਨੂੰ ਕੋਲਕਾਤਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਮੁਤਾਬਕ ਪਾਮੇਲਾ ਦੇ ਥੈਲੇ ਅਤੇ ਕਾਰ ਵਿਚੋਂ ਲੱਖਾਂ ਰੁਪਏ ਦੀ ਕੀਮਤ ਦੀ 90 ਗ੍ਰਾਮ ਕੋਕੀਨ ਮਿਲੀ ਸੀ।
ਪਾਮੇਲਾ ਨੇ ਸ਼ਨੀਵਾਰ ਸ਼ਹਿਰ ਦੀ ਇਕ ਅਦਾਲਤ ਵਿਚੋਂ ਲਾਕਅੱਪ ਵਿਚ ਲਿਜਾਏ ਜਾਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸੀ.ਆਈ.ਡੀ. ਦੀ ਜਾਂਚ ਚਾਹੁੰਦੀ ਹਾਂ। ਭਾਜਪਾ ਦੇ ਰਾਕੇਸ਼ ਸਿੰਘ ਜੋ ਕੈਲਾਸ਼ ਵਿਜੇਵਰਗੀਜ਼ ਦੇ ਸਹਿਯੋਗੀ ਹਨ, ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੇਰੇ ਵਿਰੁੱਧ ਇਕ ਵੱਡੀ ਸਾਜ਼ਿਸ਼ ਰਚੀ ਹੈ। 
ਦੂਜੇ ਪਾਸੇ ਭਾਜਪਾ ਦੀ ਸੂਬਾਈ ਕਮੇਟੀ ਦੇ ਮੈਂਬਰ ਰਾਕੇਸ਼ ਸਿੰਘ ਨੇ ਦੋਸ਼ ਲਾਇਆ ਕਿ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਕੋਲਕਾਤਾ ਪੁਲਸ ਮੇਰੇ ਵਿਰੁੱਧ ਸਾਜ਼ਿਸ਼ ਰੱਚ ਰਹੀ ਹੈ। ਪਾਮੇਲਾ ਨੂੰ ਪੁੱਠੀ ਪੱਟੀ ਪੜ੍ਹਾਈ ਗਈ ਹੈ। ਰਾਕੇਸ਼ ਨੇ ਕਿਹਾ ਕਿ ਮੈਂ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਪਾਮੇਲਾ ਦੇ ਸੰਪਰਕ ਵਿਚ ਨਹੀਂ ਹਾਂ। ਫਿਰ ਵੀ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜੇ ਮੈਂ ਕਿਸੇ ਤਰ੍ਹਾਂ ਦੀ ਸਾਜ਼ਿਸ਼ ਵਿਚ ਸ਼ਾਮਲ ਹਾਂ ਤਾਂ ਪੁਲਸ ਮੈਨੂੰ, ਕੈਲਾਸ਼ ਵਿਜੇਵਰਗੀਜ਼ ਜਾਂ ਅਮਿਤ ਸ਼ਾਹ ਨੂੰ ਬੁਲਾ ਸਕਦੀ ਹੈ। ਮੈਨੂੰ ਲੱਗਦਾ ਹੈ ਕਿ ਪੁਲਸ ਨੇ ਪਾਮੇਲਾ ਨੂੰ ਪੁੱਠੀ ਪੱਟੀ ਪੜ੍ਹਾਈ ਹੈ। 
ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਤੇ ਸੂਬੇ ਦੇ ਇਕ ਮੰਤਰੀ ਪਾਰਥ ਚੈਟਰਜੀ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਦੀ ਇਕ ਮਹਿਲਾ ਨੇਤਾ ਬੱਚਿਆਂ ਦੀ ਸਮੱਗਲਿੰਗ ਦੇ ਮਾਮਲੇ ਵਿਚ ਗ੍ਰਿਫਤਾਰ ਹੋਈ ਸੀ। ਹੁਣ ਇਕ ਹੋਰ ਮਹਿਲਾ ਆਗੂ ਡਰੱਗਜ਼ ਮਾਮਲੇ ਵਿਚ ਗ੍ਰਿਫਤਾਰ ਹੋ ਗਈ ਹੈ। ਇਸ ਤੋਂ ਇਹੀ ਸਾਬਿਤ ਹੁੰਦਾ ਹੈ ਕਿ ਭਾਜਪਾ ਅਤੇ ਉਸ ਦੇ ਆਗੂਆਂ ਦਾ ਅਸਲੀ ਚਿਹਰਾ ਕੋਈ ਹੋਰ ਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News