'ਮੈਨੂੰ ਪੰਜਾਬ ਵਿਧਾਨ ਸਭਾ 'ਚ ਬੋਲਣ ਤੋਂ ਵਾਰ-ਵਾਰ ਰੋਕਿਆ ਜਾ ਰਿਹਾ', ਸੁਖਪਾਲ ਖਹਿਰਾ ਨੇ ਲਾਏ ਦੋਸ਼
Monday, Mar 09, 2026 - 11:48 AM (IST)
ਭੁਲੱਥ/ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਦੀ ਸਿਆਸਤ 'ਚ ਇੱਕ ਵਾਰ ਫਿਰ ਤਣਾਅ ਵਾਲਾ ਮਾਹੌਲ ਬਣ ਗਿਆ ਹੈ। ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ 'ਚ ਬੋਲਣ ਤੋਂ ਵਾਰ-ਵਾਰ ਰੋਕਿਆ ਜਾ ਰਿਹਾ ਹੈ। ਖਹਿਰਾ ਨੇ ਇਹ ਵੀ ਕਿਹਾ ਕਿ ਅੱਜ ਰਾਜਪਾਲ ਦੇ ਸੰਬੋਧਨ 'ਤੇ ਚਰਚਾ ਦੌਰਾਨ ਉਨ੍ਹਾਂ ਦਾ ਨਾਮ ਦੂਜੇ ਨੰਬਰ 'ਤੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਬੋਲਣ ਦਾ ਮੌਕਾ ਮਿਲੇਗਾ ਜਾਂ ਨਹੀਂ, ਇਸ 'ਤੇ ਸਵਾਲ ਬਣਿਆ ਹੋਇਆ ਹੈ।
ਖਹਿਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਇਹ ਮਾਮਲਾ ਚੁੱਕਿਆ ਅਤੇ ਕਿਹਾ ਕਿ ਇਹ ਉਨ੍ਹਾਂ ਦਾ ਵਿਧਾਇਕ ਹੋਣ ਦੇ ਨਾਤੇ ਸੰਵਿਧਾਨਕ ਅਤੇ ਜਾਇਜ਼ ਹੱਕ ਹੈ ਕਿ ਉਹ ਵਿਧਾਨ ਸਭਾ ਵਾਰ-ਵਾਰ ਆਪਣੀ ਗੱਲ ਰੱਖ ਸਕਣ।
ਖਹਿਰਾ ਦਾ ਦਾਅਵਾ-ਕਈ ਸੈਸ਼ਨਾਂ ਤੋਂ ਨਹੀਂ ਮਿਲਿਆ ਮੌਕਾ
ਖਹਿਰਾ ਨੇ ਦੱਸਿਆ ਕਿ ਕਾਂਗਰਸ ਦੇ ਵਿਧਾਇਕਾਂ ਦੀ ਜੋ ਸੂਚੀ ਵਿਰੋਧੀ ਧਿਰ ਦੇ ਨੇਤਾ ਵੱਲੋਂ ਸਪੀਕਰ ਨੂੰ ਭੇਜੀ ਗਈ ਸੀ, ਉਸ 'ਚ ਉਨ੍ਹਾਂ ਦਾ ਨਾਮ ਦੂਜੇ ਨੰਬਰ 'ਤੇ ਦਰਜ ਕੀਤਾ ਗਿਆ ਹੈ। ਇਸ ਸੂਚੀ 'ਚ ਉਹ ਵਿਧਾਇਕ ਸ਼ਾਮਲ ਹਨ, ਜੋ ਅੱਜ ਰਾਜਪਾਲ ਦੇ ਸੰਬੋਧਨ 'ਤੇ ਚਰਚਾ ਦੌਰਾਨ ਆਪਣੀ ਗੱਲ ਰੱਖਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਵਿਧਾਨ ਸਭਾ ਸੈਸ਼ਨਾਂ ਦੌਰਾਨ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਖਹਿਰਾ ਦਾ ਦਾਅਵਾ ਹੈ ਕਿ ਇਹ ਸਿਰਫ਼ ਇਕ ਪ੍ਰੋਸੀਜਰਲ ਮਸਲਾ ਨਹੀਂ ਹੈ, ਸਗੋਂ ਇਸ ਦੇ ਪਿੱਛੇ ਸਿਆਸੀ ਕਾਰਨ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਚੁਣੇ ਹੋਏ ਵਿਧਾਇਕ ਨੂੰ ਆਪਣੀ ਆਵਾਜ਼ ਉਠਾਉਣ ਤੋਂ ਰੋਕਣਾ ਲੋਕਤੰਤਰੀ ਪਰੰਪਰਾਵਾਂ ਦੇ ਖਿਲਾਫ਼ ਹੈ।
ਇਹ ਵੀ ਪੜ੍ਹੋ : ਛੱਤਬੀੜ ਚਿੜੀਆਘਰ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼...
ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਲਗਾਏ ਇਸ਼ਾਰਿਆਂ ਵਿੱਚ ਦੋਸ਼
ਸੁਖਪਾਲ ਖਹਿਰਾ ਨੇ ਆਪਣੀ ਪੋਸਟ 'ਚ ਇਹ ਵੀ ਕਿਹਾ ਕਿ ਸੰਭਵ ਹੈ ਕਿ ਉਨ੍ਹਾਂ ਨੂੰ ਬੋਲਣ ਤੋਂ ਰੋਕਣ ਦੇ ਪਿੱਛੇ ਉੱਚ ਪੱਧਰ ਤੋਂ ਹੁਕਮ ਹੋਣ। ਉਨ੍ਹਾਂ ਨੇ ਇਸ਼ਾਰਿਆਂ 'ਚ ਦੋਸ਼ ਲਗਾਇਆ ਕਿ ਇਹ ਨਿਰਦੇਸ਼ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੋ ਸਕਦੇ ਹਨ। ਖਹਿਰਾ ਨੇ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਇਹ ਪੰਜਾਬ ਦੀ ਲੋਕਤੰਤਰੀ ਪਰੰਪਰਾ ਲਈ ਚਿੰਤਾਜਨਕ ਗੱਲ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਲੋਕਤੰਤਰ ਦਾ ਸਭ ਤੋਂ ਮਹੱਤਵਪੂਰਨ ਮੰਚ ਹੁੰਦਾ ਹੈ, ਜਿੱਥੇ ਵਿਰੋਧੀ ਧਿਰ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੁੰਦਾ ਹੈ।
ਇਹ ਵੀ ਪੜ੍ਹੋ : 'ਬੀਬੀਆਂ ਨੂੰ ਪਹਿਲਾਂ ਕਿਉਂ ਨਹੀਂ ਦੱਸੀਆਂ ਸ਼ਰਤਾਂ?' ਸਾਬਕਾ ਮੰਤਰੀ ਆਸ਼ੂ ਦਾ 1000 ਰੁਪਏ ਬਾਰੇ CM ਮਾਨ 'ਤੇ ਵੱਡਾ ਤੰਜ
ਸਪੀਕਰ ਤੋਂ ਕੀਤੀ ਨਿਰਪੱਖਤਾ ਦੀ ਉਮੀਦ
ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਦੇਖਣਾ ਇਹ ਹੈ ਕਿ ਕੀ ਸਪੀਕਰ ਅੱਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਫ਼ੈਸਲਾ ਲੈਂਦੇ ਹਨ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਸਪੀਕਰ ਦਾ ਅਹੁਦਾ ਸੰਵਿਧਾਨਕ ਹੁੰਦਾ ਹੈ ਅਤੇ ਇਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਰ ਵਿਧਾਇਕ ਨਾਲ ਇਕਸਾਰ ਵਤੀਰਾ ਰੱਖਣ। ਖਹਿਰਾ ਦੇ ਅਨੁਸਾਰ ਜੇਕਰ ਉਨ੍ਹਾਂ ਨੂੰ ਅੱਜ ਵੀ ਬੋਲਣ ਦਾ ਮੌਕਾ ਨਹੀਂ ਮਿਲਦਾ ਤਾਂ ਇਹ ਲੋਕਤੰਤਰ ਲਈ ਗੰਭੀਰ ਮਸਲਾ ਬਣ ਸਕਦਾ ਹੈ।
ਰਾਜਪਾਲ ਦੇ ਸੰਬੋਧਨ 'ਤੇ ਚਰਚਾ ਦੌਰਾਨ ਤਣਾਅ ਦੇ ਆਸਾਰ
ਪੰਜਾਬ ਵਿਧਾਨ ਸਭਾ 'ਚ ਰਾਜਪਾਲ ਦੇ ਸੰਬੋਧਨ 'ਤੇ ਚਰਚਾ ਆਮ ਤੌਰ 'ਤੇ ਰਾਜ ਦੀ ਨੀਤੀ ਅਤੇ ਸਰਕਾਰ ਦੇ ਕੰਮਕਾਜ 'ਤੇ ਵੱਡੀ ਬਹਿਸ ਦਾ ਮੌਕਾ ਹੁੰਦੀ ਹੈ। ਇਸ ਦੌਰਾਨ ਵਿਰੋਧੀ ਧਿਰ ਸਰਕਾਰ ਦੀਆਂ ਨੀਤੀਆਂ 'ਤੇ ਸਖ਼ਤ ਸਵਾਲ ਉਠਾਉਂਦੀ ਹੈ। ਇਸ ਪਿਛੋਕੜ ਵਿੱਚ ਖਹਿਰਾ ਵੱਲੋਂ ਉਠਾਇਆ ਗਿਆ ਇਹ ਮਸਲਾ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸਿਆਸੀ ਤਕਰਾਰ ਨੂੰ ਹੋਰ ਤੇਜ਼ ਕਰ ਸਕਦਾ ਹੈ। ਕਾਂਗਰਸ ਦੇ ਕਈ ਨੇਤਾ ਪਹਿਲਾਂ ਵੀ ਦੋਸ਼ ਲਗਾ ਚੁੱਕੇ ਹਨ ਕਿ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
