35 ਸਾਲ ਤੋਂ ਭਾਰਤ ’ਚ ਰਹਿ ਰਹੀ ਪਾਕਿਸਤਾਨੀ ਔਰਤ ਨੂੰ ਦੇਸ਼ ਛੱਡਣ ਦਾ ਨੋਟਿਸ਼
Sunday, Apr 27, 2025 - 03:26 AM (IST)

ਭੁਵਨੇਸ਼ਵਰ (ਭਾਸ਼ਾ) – ਪਾਕਿਸਤਾਨ ਵਿਚ ਜੰਮੀ ਸ਼ਾਰਦਾ ਕੁਕਰੇਜਾ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਓਡਿਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਵੱਖ ਨਾ ਕੀਤਾ ਜਾਵੇ ਕਿਉਂਕਿ ਪੁਲਸ ਨੇ ਉਨ੍ਹਾਂ ਨੂੰ ਦੇਸ਼ ਛੱਡਣ ਦਾ ਨੋਟਿਸ ਜਾਰੀ ਕੀਤਾ ਹੈ।
ਕੁਕਰੇਜਾ (53) ਇਕ ਭਾਰਤੀ ਨਾਗਰਿਕ ਨਾਲ ਵਿਆਹ ਕਰਨ ਤੋਂ ਬਾਅਦ 35 ਸਾਲਾਂ ਤੋਂ ਓਡਿਸ਼ਾ ਦੇ ਬੋਲਾਂਗੀਰ ਜ਼ਿਲੇ ਵਿਚ ਰਹਿ ਰਹੀ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਸੁੱਕੁਰ ਸ਼ਹਿਰ ਵਿਚ ਜੰਮੀ ਸ਼ਾਰਦਾ ਜਬਰੀ ਧਰਮ ਤਬਦੀਲ ਅਤੇ ਉਥੇ ਇਕ ਮੁਸਲਿਮ ਨੌਜਵਾਨ ਨਾਲ ਵਿਆਹ ਤੋਂ ਬਚਣ ਲਈ ਭਾਰਤ ਆ ਗਈ ਸੀ। ਮਹੇਸ਼ ਕੁਮਾਰ ਕੁਕਰੇਜਾ ਨਾਲ ਵਿਆਹ ਕਰਨ ਤੋਂ ਬਾਅਦ ਉਹ ਓਡਿਸ਼ਾ ਦੇ ਬੋਲਾਂਗੀਰ ਜ਼ਿਲੇ ਵਿਚ ਰਹਿ ਰਹੀ ਸੀ। ਉਨ੍ਹਾਂ ਦੇ 2 ਬੱਚੇ ਇਕ ਬੇਟਾ ਅਤੇ ਇਕ ਬੇਟੀ ਹੈ। ਦੋਵੇਂ ਬੱਚੇ ਵਿਆਹੇ ਹਨ।