ਕੋਰੋਨਾ ਨਾਲ ਜੰਗ ਲੜ ਰਹੀ ਹੈ ਪੂਰੀ ਦੁਨੀਆ ਪਰ ਮਿਜ਼ਾਇਲ ਪ੍ਰੀਖਣ ''ਚ ਲੱਗਾ ਪਾਕਿਸਤਾਨ
Sunday, Apr 26, 2020 - 08:53 AM (IST)
ਇਸਲਾਮਾਬਾਦ- ਸਾਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ ਪਰ ਪਾਕਿਸਤਾਨ ਮਿਜ਼ਾਇਲਾਂ ਦੇ ਪ੍ਰੀਖਣ ਵਿਚ ਲੱਗਾ ਹੋਇਆ ਹੈ। ਪਾਕਿਸਤਾਨੀ ਜਲ ਸੈਨਾ ਨੇ ਸ਼ਨੀਵਾਰ ਨੂੰ ਅਰਬ ਸਾਗਰ ਵਿਚ ਐਂਟੀ-ਜਹਾਜ਼ ਮਿਜ਼ਾਈਲਾਂ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਪਾਕਿਸਤਾਨੀ ਜਲ ਸੈਨਾ ਦੇ ਬੁਲਾਰੇ ਰੀਅਰ ਐਡਮਿਰਲ ਅਰਸ਼ਦ ਜਾਵੇਦ ਨੇ ਕਿਹਾ ਕਿ ਇਹ ਮਿਜ਼ਾਈਲਾਂ ਜੰਗੀ ਜਹਾਜ਼ਾਂ ਅਤੇ ਏਅਰਕ੍ਰਾਫਟ ਰਾਹੀਂ ਦਾਗੀਆਂ ਗਈਆਂ। ਇਹ ਟੈਸਟ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਪਾਕਿਸਤਾਨ ਸਮੇਤ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ।
ਟੈਸਟ ਬਾਰੇ ਜਾਣਕਾਰੀ ਦਿੰਦਿਆਂ ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਜਲ ਸੈਨਾ ਨੇ ਐਂਟੀ-ਸ਼ਿਪ ਮਿਜ਼ਾਈਲਾਂ ਦਾ ਲਾਈਵ ਟੈਸਟ ਕੀਤਾ ਹੈ। ਜਾਵੇਦ ਨੇ ਕਿਹਾ ਕਿ ਜਦੋਂ ਇਨ੍ਹਾਂ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਗਿਆ, ਉਸ ਸਮੇਂ ਪਾਕਿਸਤਾਨੀ ਜਲ ਸੈਨਾ ਦੇ ਮੁਖੀ ਐਡਮਿਰਲ ਜ਼ਫਰ ਮਹਿਮੂਦ ਅੱਬਾਸੀ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਇਸ ਸਮੇਂ ਦੌਰਾਨ ਪਾਕਿਸਤਾਨੀ ਜਲ ਸੈਨਾ ਦੇ ਮੁਖੀ ਅੱਬਾਸੀ ਨੇ ਕਿਹਾ ਕਿ ਪਾਕਿਸਤਾਨੀ ਜਲ ਸੈਨਾ ਦੁਸ਼ਮਣਾਂ ਨੂੰ ਜਵਾਬ ਦੇਣ ਦੇ ਸਮਰੱਥ ਹੈ।
ਭਾਰਤ ਨਾਲ ਜਾਰੀ ਤਣਾਤਣੀ ਵਿਚਕਾਰ ਪਾਕਿਸਤਾਨ ਨੇ ਐਂਟੀ-ਸ਼ਿਪ ਮਿਜ਼ਾਈਲਾਂ ਦੇ ਟੈਸਟ ਦੀ ਵਿਸਥਾਰ ਜਾਣਕਾਰੀ ਨਹੀਂ ਦਿੱਤੀ। ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਸਰਹੱਦ ਪਾਰੋਂ ਸੰਘਰਸ਼ ਕਰ ਰਿਹਾ ਹੈ ਅਤੇ ਲਗਾਤਾਰ ਫਾਇਰਿੰਗ ਕਰ ਰਿਹਾ ਹੈ। ਹਾਲਾਂਕਿ, ਭਾਰਤੀ ਫੌਜ ਲਗਾਤਾਰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਰਹੀ ਹੈ। ਪਾਕਿਸਤਾਨ ਨੇ ਧਾਰਾ 370 ਨੂੰ ਹਟਾਉਣ ਨੂੰ ਲੈ ਕੇ ਭਾਰਤ ਨਾਲ ਕੂਟਨੀਤਕ ਸੰਬੰਧ ਵੀ ਘਟਾ ਦਿੱਤੇ ਹਨ। ਜਿਸ ਸਮੇਂ ਸਾਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ, ਅਜਿਹੇ ਵਿਚ ਵੀ ਪਾਕਿਸਤਾਨ ਆਪਣੀਆਂ ਨਾ-ਪਾਕਿ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ।