ਜਾਦੂ ਟੂਣੇ ਦੇ ਸ਼ੱਕ ''ਚ ਨੌਜਵਾਨ ਨੇ ਮਾਮੇ ਦਾ ਸਿਰ ਵੱਢਿਆ, ਪੁੱਜਿਆ ਥਾਣੇ

05/14/2022 1:39:33 PM

ਸਿਧੀ (ਭਾਸ਼ਾ)- ਮੱਧ ਪ੍ਰਦੇਸ਼ ਦੇ ਸਿਧੀ ਜ਼ਿਲ੍ਹੇ 'ਚ ਕਾਲੇ ਜਾਦੂ ਦੇ ਸ਼ੱਕ 'ਚ ਇਕ ਨੌਜਵਾਨ ਨੇ ਆਪਣੇ 60 ਸਾਲਾ ਮਾਮੇ ਦਾ ਸਿਰ ਵੱਢ ਦਿੱਤਾ। ਇੰਨਾ ਹੀ ਨਹੀਂ ਕਤਲ ਕਰਨ ਤੋਂ ਬਾਅਦ ਦੋਸ਼ੀ ਵੱਢਿਆ ਹੋਇਆ ਸਿਰ ਅਤੇ ਕੁਹਾੜੀ ਹੱਥ 'ਚ ਲੈ ਕੇ ਪੁਲਸ ਥਾਣੇ ਵੱਲ ਜਾਣ ਲੱਗਾ ਪਰ ਪੁਲਸ ਨੇ ਉਸ ਨੂੰ ਰਸਤੇ 'ਚ ਹੀ ਫੜ ਲਿਆ। ਪੁਲਸ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਘਟਨਾ ਸ਼ੁੱਕਰਵਾਰ ਨੂੰ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 10 ਕਿਲੋਮੀਟਰ ਦੂਰ ਜਮੋੜੀ ਥਾਣਾ ਖੇਤਰ ਦੇ ਕਾਰੀਮਾਟੀ ਪਿੰਡ 'ਚ ਵਾਪਰੀ। ਦੋਸ਼ੀ ਨੌਜਵਾਨ (26) ਨੂੰ ਸ਼ੱਕ ਸੀ ਕਿ ਉਸ ਦਾ ਮਾਮਾ ਉਸ 'ਤੇ ਜਾਦੂ ਕਰ ਕੇ ਉਸ ਦੇ ਅਤੇ ਪਰਿਵਾਰ ਲਈ ਸਮੱਸਿਆ ਪੈਦਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਹਰਿਆਣਾ ਦੇ ਜਵਾਨ ਨੇ ਸਰਵਿਸ ਰਾਈਫ਼ਲ ਨਾਲ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਜਮੋੜੀ ਥਾਣਾ ਇੰਚਾਰਜ ਸ਼ੇਸ਼ਮਣੀ ਮਿਸ਼ਰਾ ਨੇ ਦੱਸਿਆ ਕਿ ਦੋਸ਼ੀ ਲਾਲ ਬਹਾਦਰ ਗੌੜ ਸ਼ੁੱਕਰਵਾਰ ਨੂੰ ਆਪਣੇ ਮਾਮੇ ਮਕਸੂਦਨ ਗੌੜ ਦੇ ਘਰ ਗਿਆ ਅਤੇ ਜਾਦੂ ਦੀ ਗੱਲ 'ਤੇ ਦੋਹਾਂ 'ਚ ਕਹਾਸੁਣੀ ਹੋ ਗਈ, ਜਿਸ ਤੋਂ ਬਾਅਦ ਨੌਜਵਾਨ ਨੇ ਕੁਹਾੜੀ ਨਾਲ ਮਾਮੇ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ,''ਹਮਲਾ ਇੰਨਾ ਤੇਜ਼ ਸੀ ਕਿ ਮਕਸੂਦਨ ਦਾ ਸਿਰ ਧੜ ਤੋਂ ਵੱਖ ਹੋ ਗਿਆ।'' ਮਿਸ਼ਰਾ ਨੇ ਦੱਸਿਆ ਕਿ ਤਲ ਤੋਂ ਬਾਅਦ ਨੌਜਵਾਨ ਹੱਥ 'ਚ ਵੱਢਿਆ ਹੋਇਆ ਸਿਰ ਅਤੇ ਕੁਹਾੜੀ ਲੈ ਕੇ ਥਾਣੇ ਵੱਲ ਤੁਰ ਪਿਆ ਪਰ ਸੂਚਨਾ ਮਿਲਣ 'ਤੇ ਪੁਲਸ ਨੇ ਉਸ ਨੂੰ ਵਿਚ ਰਸਤੇ ਹੀ ਫੜ ਲਿਆ। ਅਧਿਕਾਰੀ ਨੇ ਦੋਸ਼ੀ ਦੇ ਹਵਾਲੇ ਤੋਂ ਕਿਹਾ ਕਿ ਉਸ ਦਾ ਮਾਮਾ ਜਾਦੂ ਟੂਣਾ ਕਰ ਕੇ ਉਸ ਲਈ ਪਰੇਸ਼ਾਨੀ ਪੈਦਾ ਕਰ ਰਿਹਾ ਸੀ ਅਤੇ ਉਸ ਨੇ ਕਈ ਵਾਰ ਉਸ ਨੂੰ ਅਜਿਹਾ ਨਹੀਂ ਕਰਨ ਲਈ ਕਿਹਾ ਸੀ ਪਰ ਉਸ ਦਾ ਮਾਮਾ ਮੰਨਣ ਲਈ ਤਿਆਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਜਦੋਂ ਉਹ ਮਾਮੇ ਘਰ ਪੁੱਜਿਆ ਤਾਂ ਦੋਹਾਂ 'ਚ ਇਸ ਗੱਲ ਨੂੰ ਲੈ ਕੇ ਕਹਾਸੁਣੀ ਹੋ ਗਈ, ਜਿਸ ਤੋਂ ਬਾਅਦ ਨੌਜਵਾਨ ਨੇ ਗੁੱਸੇ 'ਚ ਆ ਕੇ ਉਸ 'ਤੇ ਹਮਲਾ ਕਰ ਦਿੱਤਾ। ਮਿਸ਼ਰਾ ਨੇ ਕਿਹਾ ਕਿ ਨੌਜਵਾਨ ਨੂੰ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


DIsha

Content Editor

Related News