ਆਫ ਦਿ ਰਿਕਾਰਡ: ਰਾਕੇਸ਼ ਟਿਕੈਤ ਦੀਆਂ ਅੱਖਾਂ ’ਚੋਂ ਡੁੱਲ੍ਹੇ ਅਥਰੂਆਂ ’ਚੋਂ ਨਿਕਲ ਸਕਦਾ ਹੈ ਕੋਈ ਵਿਚਕਾਰਲਾ ਰਾਹ

Saturday, Feb 06, 2021 - 09:44 AM (IST)

ਆਫ ਦਿ ਰਿਕਾਰਡ: ਰਾਕੇਸ਼ ਟਿਕੈਤ ਦੀਆਂ ਅੱਖਾਂ ’ਚੋਂ ਡੁੱਲ੍ਹੇ ਅਥਰੂਆਂ ’ਚੋਂ ਨਿਕਲ ਸਕਦਾ ਹੈ ਕੋਈ ਵਿਚਕਾਰਲਾ ਰਾਹ

ਨਵੀਂ ਦਿੱਲੀ: ‘ਜਦੋਂ ਮੈਂ ਕਿਸੇ ਨੂੰ ਰੋਂਦਾ ਹੋਇਆ ਵੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਉਹ ਇਨਸਾਨ ਬਹੁਤ ਕਮਜ਼ੋਰ ਹੈ।’ ਉਕਤ ਗੱਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2015 ’ਚ ਪੀਪਲਜ਼ ਮੈਗਜ਼ੀਨ ਨੂੰ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਆਖਿਰੀ ਵਾਰ ਉਦੋਂ ਰੋਇਆ ਸੀ ਜਦੋਂ ਛੋਟਾ ਜਿਹਾ ਬੱਚਾ ਸੀ। ਟਰੰਪ ਉਦੋਂ ਆਪਣੀ ਹੀ ਦੁਨੀਆ ’ਚ ਰਹਿ ਰਹੇ ਸਨ। ਉਨ੍ਹਾਂ ਨੂੰ ਅਥਰੂਆਂ ਦੀ ਤਾਕਤ ਦਾ ਅੰਦਾਜ਼ਾ ਨਹੀਂ ਸੀ। ਦੁਨੀਆ ’ਚ ਅਜਿਹੇ ਦਰਜਨਾਂ ਸਿਆਸਤਦਾਨ ਹਨ ਜਿਨ੍ਹਾਂ ਨੇ ਆਪਣੇ ਅਥਰੂਆਂ ਨਾਲ ਕਰੋੜਾਂ ਲੋਕਾਂ ਨੂੰ ਹਿਲਾ ਦਿੱਤਾ ਸੀ। ਜਦੋਂ ਚਾਰੇ ਪਾਸੇ ਹਨੇਰਾ ਛਾਇਆ ਹੋਇਆ ਸੀ ਤਾਂ ਉਸ ਹਾਲਤ ’ਚ ਉਨ੍ਹਾਂ ਦੇ ਅਥਰੂਆਂ ਨੇ ਆਪਣੇ ਲੋਕਾਂ ਨੂੰ ਇਕ ਹਿੰਮਤ ਅਤੇ ਹੋਸਲਾ ਦਿੱਤਾ ਸੀ। ਨਿਰਾਸ਼ਾ ’ਚ ਆਸ਼ਾ ਦੀ ਇਕ ਕਿਰਨ ਪ੍ਰਦਾਨ ਕੀਤੀ ਸੀ। ਕਈ ਵਾਰ ਤਾਂ ਇਨ੍ਹਾਂ ਅਥਰੂਆਂ ਨੇ ਇਤਿਹਾਸ ਦੀ ਧਾਰਨਾ ਨੂੰ ਹੀ ਬਦਲ ਦਿੱਤਾ ਸੀ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ : ਰਿਹਾਨਾ ਦੇ ਸਮਰਥਨ ’ਚ ਆਏ ਕ੍ਰਿਕਟਰ ਇਰਫਾਨ ਪਠਾਨ, ਯਾਦ ਦਿਵਾਇਆ ਇਹ ਕਿੱਸਾ

ਅਬ੍ਰਾਹਿਮ ਲਿੰਕਨ ਤੋਂ ਲੈ ਕੇ ਬਰਾਕ ਓਬਾਮਾ ਤੱਕ, ਰੂਸ ਦੇ ਮੌਜੂਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਲੈ ਕੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੱਕ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਸਭ ਦੀਆਂ ਅੱਖਾਂ ’ਚੋਂ ਕਦੇ ਨਾ ਕਦੇ ਅਥਰੂ ਵੱਗੇ ਸਨ। ਕਿਸੇ ਦੀਆਂ ਅੱਖਾਂ ਕਿਉਂ ਗਿੱਲੀਆਂ ਹੋਈਆਂ, ਸਭ ਦਾ ਆਪਣਾ-ਆਪਣਾ ਕਾਰਨ ਰਿਹਾ ਹੈ। ਮੋਦੀ ਉਸ ਸਮੇਂ ਰੋਣਹਾਕੇ ਹੋ ਗਏ ਸਨ ਜਦੋਂ ਉਹ ਸੰਸਦ ’ਚ ਭਾਜਪਾ ਦੇ ਮੈਂਬਰਾਂ ਨੂੰ ਸੰਬੋਧਿਤ ਕਰ ਰਹੇ ਸਨ। 56 ਇੰਚ ਦੀ ਛਾਤੀ ਵਾਲੇ ਇਸ ਸਿਆਸਤਦਾਨ ਦੀਆਂ ਅੱਖਾਂ ਇਸ ਤੋਂ ਪਹਿਲਾਂ 2014 ’ਚ ਭਾਜਪਾ ਸੰਸਦੀ ਦਲ ਦਾ ਨੇਤਾ ਚੁਣੇ ਜਾਣ ’ਤੇ ਵੀ ਭਰ ਗਈਆਂ ਸਨ।

ਇਹ ਵੀ ਪੜ੍ਹੋ: ਰੋਹਿਤ ਸ਼ਰਮਾ ’ਤੇ ਕੀਤੇ ਗਏ ਟਵੀਟ ਨੂੰ ਡਿਲੀਟ ਕਰਨ ’ਤੇ ਭੜਕੀ ਕੰਗਨਾ, ਟਵਿਟਰ ਨੂੰ ਕਿਹਾ 'ਚੀਨ ਦੀ ਕਠਪੁਤਲੀ'

ਕਰਨਾਟਕ ਤੋਂ ‘ਇਕ ਗਰੀਬ ਕਿਸਾਨ’ ਐੱਚ.ਡੀ. ਦੇਵੇਗੌੜਾ ਸੰਸਦ ’ਚ ਰੋ ਪਏ ਸਨ। ਭਗਵਾਧਾਰੀ ਯੋਗੀ ਆਦਿਤਿਆਨਾਥ ਜੋ ਭਾਰਤ ਦੇ ‘ਬਲਵੀਰ’ ਸਮਝੇ ਜਾਂਦੇ ਹਨ, 2007 ’ਚ ਉਤਰ ਪ੍ਰਦੇਸ਼ ’ਚ ਆਪਣੇ ਨਾਲ ਹੋਈ ਬੇਇਨਸਾਫੀ ਦੀ ਗਾਥਾ ਸੁਣਾ ਕੇ ਸੰਸਦ ’ਚ ਉੱਚੀ-ਉੱਚੀ ਰੋਏ ਸਨ। ਲੋਕ ਸਭਾ ’ਚ ਉਹ ਦਿਨ ਉਨ੍ਹਾਂ ਦੇ ਨਾਂ ਰਿਹਾ ਸੀ। 10 ਸਾਲ ਬਾਅਦ ਉਹ ਉਤਰ ਪ੍ਰਦੇਸ਼ ਦੇ ਮੁਖ ਮੰਤਰੀ ਬਣ ਗਏ। ਹੁਣ ਉਨ੍ਹਾਂ ਕਾਰਨ ਸਮਾਜਵਾਦੀ ਪਾਰਟੀ ਦੇ ਨੇਤਾ ਲਖਨਊ ’ਚ ਅਥਰੂ ਵਹਾ ਰਹੇ ਹਨ।

ਇਹ ਵੀ ਪੜ੍ਹੋ: ਗੌਹਰ ਖਾਨ ਨੇ ਵੀ ਕਿਸਾਨਾਂ ਦੇ ਹੱਕ ’ਚ ਬੁਲੰਦ ਕੀਤੀ ਆਵਾਜ਼, ਰਿਹਾਨਾ ਅਤੇ ਗ੍ਰੇਟਾ ਦੇ ਵਿਰੋਧੀਆਂ ’ਤੇ ਲਾਏ ਤਵੇ

ਅਥਰੂਆਂ ਦੀ ਤਾਕਤ ਕੀ ਹੁੰਦੀ ਹੈ, ਦੁਨੀਆ ਨੇ ਇਕ ਵਾਰ ਮੁੜ ਪਿਛਲੇ ਮਹੀਨੇ ਵੇਖੀ। 26 ਜਨਵਰੀ ਨੂੰ ਜਦੋਂ ਗਣਤੰਤਰ ਦਿਵਸ ’ਤੇ ਟਰੈਕਟਰ ਪਰੇਡ ਦੌਰਾਨ ਦਿੱਲੀ ਅਤੇ ਲਾਲ ਕਿਲੇ ’ਤੇ ਹਿੰਸਾ ਪਿੱਛੋਂ ਲੱਖਾਂ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਅੰਦੋਲਨ ਨੂੰ ਛੱਡ ਕੇ ਵਾਪਸ ਆਪਣੇ ਘਰਾਂ ਨੂੰ ਜਾਣ ਲੱਗੇ ਸਨ ਤਾਂ ਇਹ ਕਿਸਾਨ ਅੰਦੋਲਨ ਹੌਲੀ-ਹੌਲੀ ਦਮ ਤੋੜਣ ਲੱਗਾ ਸੀ। ਅਜਿਹੀ ਹਾਲਤ ’ਚ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਅਥਰੂ ਵਹਾਉਂਦੇ ਹੋਏ ਆਪਣੇ ਕਿਸਾਨ ਭਰਾਵਾਂ ਲਈ ਆਪਣੀ ਜਾਨ ਤੱਕ ਦੇ ਦੇਣ ਦੀ ਧਮਕੀ ਦੇ ਕੇ ਕਿਸਾਨ ਅੰਦੋਲਨ ’ਚ ਮੁੜ ਤੋਂ ਨਵੀਂ ਜਾਨ ਪਾ ਦਿੱਤੀ। ਉਨ੍ਹਾਂ ਦੇ ਅਥਰੂਆਂ ਦੀ ਧਾਰਾ ’ਚ ਵਹਿ ਕੇ ਨਾ ਸਿਰਫ ਕਿਸਾਨ ਧਰਨੇ ਵਾਲੀ ਥਾਂ ’ਤੇ ਵਾਪਸ ਆ ਗਏ ਸਗੋਂ ਰਾਕੇਸ਼ ਟਿਕੈਤ ਕਿਸਾਨਾਂ ਦੇ ਨਿਰਵਿਵਾਦ ਮੁਖ ਵਾਰਤਾਕਾਰ ਵਜੋਂ ਵੀ ਉਭਰ ਕੇ ਸਾਹਮਣੇ ਆਏ। ਉਹ ਦਿਨ ਹੁਣ ਨਹੀਂ ਰਹੇ ਜਦੋਂ ਟਿਕੈਤ ਵੱਖ-ਵੱਖ ਯੂਨੀਅਨਾਂ ਦੇ ਉਨ੍ਹਾਂ 40 ਕਿਸਾਨ ਆਗੂਆਂ ’ਚੋਂ ਇਕ ਸਨ ਜੋ ਸਰਕਾਰ ਨਾਲ ਗੱਲਬਾਤ ਕਰ ਰਹੇ ਸਨ। ਰਾਕੇਸ਼ ਦਾ ਕੱਦ ਹੁਣ ਵੱਧ ਗਿਆ ਹੈ। ਉਹ ਹੁਣ ਵਧੇਰੇ ਮਿੱਠ ਬੋਲੜੇ ਹੋ ਗਏ ਹਨ। ਅਜਿਹੇ ਸੰਕੇਤ ਹਨ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੋਈ ਨਾ ਕੋਈ ਵਿਚਕਾਰਲਾ ਰਾਹ ਲੱਭਿਆ ਜਾਵੇਗਾ ਤਾਂ ਜੋ ਅੰਦੋਲਨਕਾਰੀ ਕਿਸਾਨਾਂ ਅਤੇ ਸਰਕਾਰ ਦੋਹਾਂ ਦਾ ਹੀ ਸਤਿਕਾਰ ਬਣਿਆ ਰਹੇ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ’ਤੇ ਸਲਮਾਨ ਖਾਨ ਨੇ ਤੋੜੀ ਚੁੱਪੀ, ਕਿਹਾ- ਜੋ ਸਹੀ ਹੈ ਉਹੀ ਹੋਣਾ ਚਾਹੀਦਾ ਹੈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News