NCB ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ, 16 ਗ੍ਰਿਫ਼ਤਾਰ

Monday, Jan 09, 2023 - 05:51 PM (IST)

NCB ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ, 16 ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਸੋਮਵਾਰ ਨੂੰ ਲੁਧਿਆਣਾ ਤੋਂ ਚੱਲ ਰਹੇ ਅੰਤਰਰਾਸ਼ਟਰੀ ਡਰੱਗ ਗਿਰੋਹ ਦੀ 'ਪੂਰੀ ਚੇਨ' ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਅਤੇ ਇਸ ਸਬੰਧ ਵਿਚ 2 ਅਫਗਾਨ ਨਾਗਰਿਕਾਂ ਸਮੇਤ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 60 ਕਿਲੋਗ੍ਰਾਮ ਪਾਬੰਦੀਸ਼ੁਦਾ ਪਦਾਰਥ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ। ਐੱਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ (ਉੱਤਰੀ ਰੇਂਜ) ਗਿਆਨੇਸ਼ਵਰ ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਇਸ ਰੈਕੇਟ ਦਾ ਪਰਦਾਫਾਸ਼ ਕਰਨ 'ਚ ਕਰੀਬ ਡੇਢ ਮਹੀਨੇ ਦਾ ਸਮਾਂ ਲੱਗਾ ਅਤੇ ਇਸ ਦੇ ਦਿੱਲੀ ਦੇ ਸ਼ਾਹੀਨ ਬਾਗ ਅਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਡਰੱਗ ਕੇਸਾਂ ਨਾਲ ਸਬੰਧ ਹਨ ਜਿਨ੍ਹਾਂ ਦਾ ਪਿਛਲੇ ਸਾਲ ਏਜੰਸੀ ਵੱਲੋਂ ਪਰਦਾਫਾਸ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਐੱਨਸੀਬੀ ਦੀ ਚੰਡੀਗੜ੍ਹ ਜ਼ੋਨਲ ਯੂਨਿਟ ਨੇ ਪੰਜਾਬ ਦੇ ਲੁਧਿਆਣਾ 'ਚ ਸਥਿਤ 2 ਗੈਰ-ਕਾਨੂੰਨੀ ਹੈਰੋਇਨ ਪ੍ਰੋਸੈਸਿੰਗ ਲੈਬਾਂ ਦਾ ਪਰਦਾਫਾਸ਼ ਕੀਤਾ ਸੀ, ਜਿਨ੍ਹਾਂ ਦਾ ਸੰਚਾਲਨ ਅਫਗਾਨਿਸਤਾਨ ਦੇ 2 ਕੈਮਿਸਟ ਕਰ ਰਹੇ ਸਨ।

ਉਨ੍ਹਾਂ ਅਨੁਸਾਰ ਇਸ ਤੋਂ ਬਾਅਦ ਨਵੰਬਰ ਦੇ ਮੱਧ 'ਚ ਨਵੇਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਸਿੰਘ ਨੇ ਕਿਹਾ,"ਇਹ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਗਿਰੋਹ ਅਫਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਵਰਗੇ ਦੇਸ਼ਾਂ 'ਚ ਫੈਲਿਆ ਹੋਇਆ ਹੈ।" ਅਧਿਕਾਰੀ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਐੱਨਡੀਪੀਐੱਸ ਐਕਟ ਤਹਿਤ ਲੁਧਿਆਣਾ ਗਰੁੱਪ ਨਾਲ ਜੁੜੇ 60 ਤੋਂ ਵੱਧ ਬੈਂਕ ਖਾਤਿਆਂ ਦੇ ਲੈਣ-ਦੇਣ ਨੂੰ ਰੋਕ ਦਿੱਤਾ ਗਿਆ ਹੈ। ਐੱਨਸੀਬੀ ਨੇ ਡੇਢ ਮਹੀਨੇ ਤੱਕ ਚੱਲੇ ਆਪ੍ਰੇਸ਼ਨ ਦੌਰਾਨ ਕਰੀਬ 60 ਕਿਲੋ ਹੈਰੋਇਨ ਅਤੇ ਹੋਰ ਸ਼ੱਕੀ ਨਸ਼ੀਲੇ ਪਦਾਰਥ ਅਤੇ 31 ਕਾਰਤੂਸ ਬਰਾਮਦ ਕੀਤੇ ਹਨ। ਇਸ ਮੁਹਿੰਮ ਦੌਰਾਨ ਪੰਜਾਬ ਪੁਲਸ ਸਮੇਤ ਹੋਰ ਏਜੰਸੀਆਂ ਦੀ ਵੀ ਮਦਦ ਲਈ ਗਈ ਹੈ। NCB ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਸ ਨਸ਼ੀਲੇ ਪਦਾਰਥ ਗਿਰੋਹ ਦੇ ਮੈਂਬਰਾਂ ਦੁਆਰਾ ਖਰੀਦੀਆਂ ਗਈਆਂ ਲਗਭਗ 30 ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ ਅਤੇ ਏਜੰਸੀ ਉਨ੍ਹਾਂ ਨੂੰ ਕੁਰਕ ਕਰ ਸਕਦੀ ਹੈ। ਸਿੰਘ ਨੇ ਕਿਹਾ ਕਿ ਪੰਜਾਬ 'ਚ ਮੁਲਜ਼ਮਾਂ ਵੱਲੋਂ ਚਲਾਏ ਜਾ ਰਹੇ ਕੁਝ ਨਾਈਟ ਕਲੱਬ ਅਤੇ ਰੈਸਟੋਰੈਂਟ ਵੀ ਐੱਨਸੀਬੀ ਦੇ ਘੇਰੇ 'ਚ ਹਨ। ਉਨ੍ਹਾਂ ਕਿਹਾ,"ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਗਿਰੋਹ ਦੇ ਮੁਖੌਟਾ ਕਾਰੋਬਾਰ, ਜਿਵੇਂ ਕਿ ਸ਼ਰਾਬ ਦੀ ਦੁਕਾਨ, ਰਾਈਸ ਮਿੱਲ, ਘਿਓ ਦਾ ਕਾਰੋਬਾਰ ਅਤੇ ਵੱਖ-ਵੱਖ ਨਾਮੀ ਕੰਪਨੀਆਂ ਦੀਆਂ ਏਜੰਸੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।" ਏਜੰਸੀ ਨੇ ਅਪ੍ਰੈਲ 2022 'ਚ ਦੱਖਣੀ ਦਿੱਲੀ ਦੇ ਸ਼ਾਹੀਨਬਾਗ ਖੇਤਰ ਤੋਂ ਲਗਭਗ 50 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ ਅਤੇ ਲਗਭਗ ਅੱਧਾ ਦਰਜਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਕਾਰਵਾਈ ਭਾਰਤ-ਅਫਗਾਨਿਸਤਾਨ ਨਸ਼ੀਲੇ ਪਦਾਰਥ ਗਿਰੋਹ ਦਾ ਪਰਦਾਫਾਸ਼ ਕਰਨ ਦੇ ਅਧੀਨ ਕੀਤੀ ਗਈ ਸੀ।


author

DIsha

Content Editor

Related News