ਜਲ ਸੈਨਾ ਨੇ ਸੁਪਰਸੋਨਿਕ ਬ੍ਰਹਮੋਸ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

Thursday, Nov 28, 2019 - 05:28 PM (IST)

ਜਲ ਸੈਨਾ ਨੇ ਸੁਪਰਸੋਨਿਕ ਬ੍ਰਹਮੋਸ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

ਨਵੀਂ ਦਿੱਲੀ— ਜਲ ਸੈਨਾ ਨੇ ਬੁੱਧਵਾਰ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਲੋਂ ਤਿਆਰ ਕੀਤੀ ਗਈ ਇਸ ਮਿਜ਼ਾਈਲ ਦਾ ਪ੍ਰੀਖਣ ਅਰਬ ਸਾਗਰ ਤੋਂ ਕੀਤਾ ਗਿਆ। ਪਿਛਲੇ ਮਹੀਨੇ ਹਵਾਈ ਫੌਜ ਵੀ ਇਸ ਦਾ ਸਫ਼ਲ ਲਾਂਚ ਕਰ ਚੁਕਿਆ ਹੈ। ਇਸ ਤੋਂ ਪਹਿਲਾਂ ਹਵਾਈ ਫੌਜ ਨੇ ਅੰਡਮਾਨ ਨਿਕੋਬਾਰ ਦੇ ਟਰਾਕ ਆਈਲੈਂਡ 'ਚ ਸੋਮਵਾਰ ਅਤੇ ਮੰਗਲਵਾਰ ਨੂੰ ਬ੍ਰਹਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਸੀ। 21 ਅਤੇ 22 ਅਕਤੂਬਰ ਨੂੰ ਇਹ ਦੋਵੇਂ ਮਿਜ਼ਾਈਲਾਂ ਦਾਗ਼ੀਆਂ ਗਈਆਂ।

300 ਕਿਲੋਮੀਟਰ ਤੱਕ ਲਗਾਉਂਦੀ ਹੈ ਨਿਸ਼ਾਨਾ
ਇਸ ਨੇ 300 ਕਿਲੋਮੀਟਰ ਦੂਰ ਸਥਿਤ ਟੀਚੇ 'ਤੇ ਠੀਕ ਨਿਸ਼ਾਨਾ ਲਗਾਉਂਦੇ ਹੋਏ ਉਸ ਨੂੰ ਨਸ਼ਟ ਕਰ ਦਿੱਤਾ ਸੀ। ਜ਼ਮੀਨ ਤੋਂ ਜ਼ਮੀਨ 'ਤੇ ਹਮਲਾ ਕਰਨ ਲਈ ਬ੍ਰਹਮੋਸ ਸਫ਼ਲ ਮਿਜ਼ਾਈਲ ਮੰਨੀ ਜਾਂਦੀ ਹੈ। ਇਹ ਮੱਧਮ ਰੇਂਜ ਦੀ ਇਕ ਅਜਿਹੀ ਸੁਪਰਸੋਨਿਕ ਮਿਜ਼ਾਈਲ ਹੈ, ਜਿਸ ਨੂੰ ਕਿਸੇ ਏਅਰਕ੍ਰਾਫਟ, ਸ਼ਿਪ ਜਾਂ ਛੋਟੇ ਪਲੇਟਫਾਰਮ ਨਾਲ ਵੀ ਦਾਗ਼ਿਆ ਜਾ ਸਕਦਾ ਹੈ। ਇਸ ਕਰੂਜ਼ ਮਿਜ਼ਾਈਲ ਨੂੰ ਧਰਤੀ, ਪਾਣੀ ਅਤੇ ਹਵਾ ਤੋਂ ਦਾਗ਼ਿਆ ਜਾ ਸਦਾ ਹੈ। ਇਸ ਦੀ ਮਾਰ ਸਮਰੱਥਾ ਅਚੂਕ ਹੈ।

ਪੂਰਾ ਪਾਕਿ ਇਸ ਮਿਜ਼ਾਈਲ ਦੀ ਪਕੜ 'ਚ ਹੋਵੇਗਾ
ਭਵਿੱਖ 'ਚ ਭਾਰਤ ਅਤੇ ਰੂਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਮੋਸ ਦੀ ਰੇਂਜ ਨੂੰ 290 ਕਿਲੋਮੀਟਰ ਤੋਂ 600 ਕਿਲੋਮੀਟਰ ਤੱਕ ਵਧਾਉਣ ਵੱਲ ਕੰਮ ਕਰਨਗੇ। ਇਸ ਨਾਲ ਨਾ ਸਿਰਫ਼ ਪੂਰਾ ਪਾਕਿਸਤਾਨ ਇਸ ਮਿਜ਼ਾਈਲ ਦੀ ਪਕੜ 'ਚ ਹੋਵੇਗਾ ਸਗੋਂ ਕੋਈ ਵੀ ਟਾਰਗੇਟ ਪਲਾਂ 'ਚ ਇਸ ਮਿਜ਼ਾਈਲ ਨਾਲ ਤਬਾਹ ਕੀਤਾ ਜਾ ਸਕੇਗਾ।

ਨਦੀਆਂ ਦੇ ਨਾਂ 'ਤੇ ਰੱਖਿਆ ਗਿਆ ਮਿਜ਼ਾਈਲ ਦਾ ਨਾਂ
ਬ੍ਰਹਮੋਸ ਮਿਜ਼ਾਈਲ ਦਾ ਨਾਂ ਭਾਰਤ ਦੀ ਬ੍ਰਹਮਾਪੁੱਤਰ ਅਤੇ ਰੂਸ ਦੀ ਮਸਕਵਾ ਨਦੀ 'ਤੇ ਰੱਖਿਆ ਗਿਆ ਹੈ। ਇਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੀ ਗਤੀ ਆਵਾਜ਼ ਦੀ ਗਤੀ ਤੋਂ ਲਗਭਗ ਤਿੰਨ ਗੁਣਾ ਵਧ ਹੈ। ਬ੍ਰਹਮੋਸ ਕਰੂਜ਼ ਮਿਜ਼ਾਈਲ ਆਵਾਜ਼ ਦੀ ਗਤੀ ਤੋਂ ਕਰੀਬ 3 ਗੁਣਾ ਵਧ 2.8 ਮੈਕ ਦੀ ਗਤੀ ਨਾਲ ਟੀਚੇ 'ਤੇ ਵਾਰ ਕਰਦੀ ਹੈ। ਇਸ ਦੇ ਦਾਗ਼ੇ ਜਾਣ ਤੋਂ ਬਾਅਦ ਦੁਸ਼ਮਣ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਦਾ ਹੈ।


author

DIsha

Content Editor

Related News