ਹਰਿਆਣਾ ਦੀ ਧੀ ਨੇ ਨੈਸ਼ਨਲ ਸ਼ੂਟਿੰਗ 'ਚ ਗੱਡੇ ਝੰਡੇ, ਜਿੱਤੇ 6 ਗੋਲਡ

12/08/2018 12:04:46 PM

ਫਰੀਦਾਬਾਦ— ਹਰਿਆਣਾ ਦੀਆਂ ਧੀਆਂ ਨੇ ਹਰ ਖੇਤਰ ਵਿਚ ਆਪਣੇ ਹੁਨਰ ਦਾ ਝੰਡਾ ਲਹਿਰਾਇਆ ਹੈ। ਗੱਲ ਚਾਹੇ ਉਹ ਖੇਡ ਦੇ ਮੈਦਾਨ ਦੀ ਹੋਵੇ ਜਾਂ ਫਿਰ ਮਿਸ ਇੰਡੀਆ ਦੇ ਖਿਤਾਬ ਦੀ, ਹਰਿਆਣਾ ਦੀਆਂ ਧੀਆਂ ਹਮੇਸ਼ਾ ਅੱਗੇ ਰਹੀਆਂ ਹਨ। ਹਰਿਆਣਾ ਦੇ ਪ੍ਰਥਲਾ ਵਿਧਾਨ ਸਭਾ ਦੇ ਮੋਹਲਾ ਪਿੰਡ ਦੀ ਨਿਸ਼ਾ ਯਾਦਵ ਨੇ ਆਪਣੀ ਮਿਹਨਤ ਅਤੇ ਬੁਲੰਦ ਹੌਸਲੇ ਨਾਲ ਸ਼ੂਟਿੰਗ ਦੇ ਖੇਤਰ ਵਿਚ ਕੇਰਲ ਦੇ ਤ੍ਰਿਵੇਂਦਰਮਪੁਰਮ ਵਿਚ 6 ਸੋਨ ਤਮਗੇ ਜਿੱਤ ਕੇ ਆਪਣੇ ਪਿੰਡ ਅਤੇ ਹਰਿਆਣਾ ਦਾ ਨਾਂ ਰੌਸ਼ਨ ਕੀਤਾ ਹੈ। ਨਿਸ਼ਾ ਨੇ ਕਿਹਾ ਕਿ ਉਹ ਇਸ ਜਿੱਤ ਦਾ ਸਿਹਰਾ ਆਪਣੇ ਕੋਚ ਅਤੇ ਆਪਣੇ ਮਾਤਾ-ਪਿਤਾ ਨੂੰ ਦਿੰਦੀ ਹੈ, ਕਿਉਂਕਿ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਧੀ ਨਹੀਂ ਸਗੋਂ ਕਿ ਪੁੱਤਰਾਂ ਵਾਂਗ ਪਾਲਿਆ ਹੈ।

ਕੇਰਲ ਦੇ ਤ੍ਰਿਵੇਂਦਰਮਪੁਰਮ ਵਿਚ 62ਵੇਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਦੇਸ਼ ਦੇ ਹਰ ਕੋਨੇ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਸੀ। ਉੱਥੇ ਹੀ ਹਰਿਆਣਾ ਦੇ ਪ੍ਰਥਲਾ ਵਿਧਾਨ ਸਭਾ ਦੇ ਪਿੰਡ ਮੋਹਲਾ ਦੀ ਬੇਟੀ ਨਿਸ਼ਾ ਯਾਦਵ ਨੇ ਇਸ ਮੁਕਾਬਲੇ ਵਿਚ ਜੂਨੀਅਰ, ਯੂਥ ਅਤੇ ਸੀਨੀਅਰ ਲੈਵਲ 'ਤੇ 6 ਸੋਨ ਤਮਗੇ ਜਿੱਤੇ। ਸੋਨ ਤਮਗੇ ਜਿੱਤਣ ਦੀ ਖੁਸ਼ੀ ਵਿਚ ਪਿੰਡ ਦੇ ਲੋਕਾਂ ਨੇ ਫੁੱਲਾਂ ਦੇ ਹਾਰ ਪਹਿਨਾ ਕੇ ਉਸ ਦਾ ਸਵਾਗਤ ਕੀਤਾ। ਓਧਰ ਨਿਸ਼ਾ ਦੇ ਪਿਤਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਹੈਸੀਅਤ ਨਾ ਹੋਣ ਦੇ ਬਾਅਦ ਵੀ ਉਨ੍ਹਾਂ ਨੇ ਆਪਣੀ ਧੀ ਨੂੰ ਏਅਰ ਸ਼ੂਟਿੰਗ ਇੰਸਟੀਚਿਊਟ 'ਚ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਬਸ ਅਸੀਂ ਚਾਹੁੰਦੇ ਸੀ ਕਿ ਸਾਡੀ ਬੇਟੀ ਭਵਿੱਖ 'ਚ ਦੇਸ਼ ਲਈ ਸੋਨ ਤਮਗਾ ਲਿਆ ਕੇ ਦੇਸ਼ ਦਾ ਨਾਂ ਰੌਸ਼ਨ ਕਰੇ, ਜੋ ਉਸ ਨੇ ਕਰ ਦਿਖਾਇਆ।


Tanu

Content Editor

Related News