ਭਿਆਨਕ ਹਾਦਸੇ 'ਚ ਜੋੜੇ ਸਮੇਤ ਧੀ ਦੀ ਮੌਤ, ਖਾਟੂ ਸ਼ਿਆਮ ਦੇ ਦਰਸ਼ਨ ਕਰ ਪਰਤ ਰਿਹਾ ਸੀ ਪਰਿਵਾਰ

Saturday, Apr 27, 2024 - 12:10 PM (IST)

ਪੁੰਡਰੀ- ਹਰਿਆਣਾ ਦੇ ਪੁੰਡਰੀ ਦੇ ਪਿੰਡ ਮੋਹਨਾ ਕੋਲ ਨੈਸ਼ਨਲ ਹਾਈਵੇਅ-152 ਡੀ 'ਤੇ ਸ਼ੁੱਕਰਵਾਰ ਸ਼ਾਮ ਨੂੰ ਇਕ ਹਾਦਸੇ ਵਿਚ ਪੰਚਕੂਲਾ ਦੇ ਜੋੜੇ ਅਤੇ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ। ਇਹ ਲੋਕ ਖਾਟੂ ਸ਼ਿਆਮ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ ਤਾਂ ਮੋਹਨਾ ਕੋਲ ਨੈਸ਼ਨਲ ਹਾਈਵੇਅ 'ਤੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਹਾਦਸਾ ਵਾਪਰਿਆ। ਪੁਲਸ ਨੇ ਮਾਮਲੇ ਵਿਚ ਤੁਰੰਤ ਡਰਾਈਵਰ ਖਿਲਾਫ਼ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਹਰਿਆਣਾ ਪੁਲਸ ਵਿਚ ਸੇਵਾਮੁਕਤ ਐੱਸ. ਆਈ. ਮਨੋਜ ਕੁਮਾਰ ਉਨ੍ਹਾਂ ਦੀ ਪਤਨੀ ਉਰਮਿਲਾ ਦੱਤ ਅਤੇ ਧੀ ਚੇਤਨਾ ਦੇ ਰੂਪ ਵਿਚ ਹੋਈ ਹੈ। ਮਹਿਲਾ ਉਰਮਿਲਾ ਦੱਤ ਸਬ-ਇੰਸਪੈਕਟਰ ਦੇ ਤੌਰ 'ਤੇ ਪੰਚਕੂਲਾ ਸਥਿਤ ਹਰਿਆਣਾ ਪੁਲਸ ਦੇ ਟੈਲੀਕਾਮ ਵਾਇਰਲੈੱਸ ਦਫ਼ਤਰ ਵਿਚ ਤਾਇਨਾਤ ਸੀ। 

ਪੁੰਡਰੀ ਥਾਣੇ ਦੇ  SHO ਰਾਜਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਦੇ ਸਮੇਂ ਅਚਾਨਕ ਮੌਸਮ ਖਰਾਬ ਹੋ ਗਿਆ ਸੀ। ਇਸ ਤੋਂ ਬਾਅਦ ਕਰੀਬ 6.30 ਵਜੇ ਸੜਕ ਹਾਦਸੇ ਦੀ ਸੂਚਨਾ ਮਿਲੀ। ਸੂਚਨਾ ਮਿਲਣ ਮਗਰੋਂ ਉਹ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ, ਇੱਥੇ ਇਕ ਕਾਰ ਹਾਈਵੇਅ 'ਤੇ ਖੜ੍ਹੇ ਟਰੱਕ ਹੇਠਾਂ ਜਾ ਵੜੀ, ਵੇਖਿਆ ਤਾਂ ਇਸ 'ਚ 3 ਲੋਕ ਸਵਾਰ ਸਨ, ਜੋ ਗੰਭੀਰ ਰੂਪ ਨਾਲ ਜ਼ਖ਼ਮੀ ਸਨ। ਉਨ੍ਹਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਤਾਂ ਤਿੰਨੋਂ ਦਮ ਤੋੜ ਚੁੱਕੇ ਸਨ। ਐਂਬੂਲੈਂਸ ਦੀ ਮਦਦ ਨਾਲ ਪੁੰਡਰੀ ਦੇ ਸਰਕਾਰੀ ਹਸਪਤਾਲ ਵਿਚ ਲਾਸ਼ਾਂ ਦਾ ਪੋਸਟਮਾਰਟਮ ਕਰਨ ਲਈ ਭੇਜਿਆ ਗਿਆ। ਓਧਰ ਮਾਮਲੇ ਵਿਚ ਟਰੱਕ ਡਰਾਈਵਰ ਖਿਲਾਫ਼ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਹਰਿਆਣਾ ਪੁਲਸ ਦੇ ਸੇਵਾਮੁਕਤ ਸਬ-ਇੰਸਪੈਕਟਰ ਮਨੋਜ ਕੁਮਾਰ (61), ਪੁਲਸ ਦੇ ਵਾਇਰਲੈਸ ਵਿਭਾਗ ਦੀ ਸਬ-ਇੰਸਪੈਕਟਰ ਉਰਮਿਲ ਦੱਤਾ (57) ਅਤੇ ਚੇਤਨਾ (28) ਵਜੋਂ ਹੋਈ ਹੈ।


Tanu

Content Editor

Related News