PM ਮੋਦੀ 2 ਦਿਨਾ ਯਾਤਰਾ ''ਤੇ ਪਹੁੰਚੇ ਗੁਜਰਾਤ, ਕੇਸ਼ੁਭਾਈ ਪਟੇਲ ਨੂੰ ਘਰ ਜਾ ਕੇ ਦਿੱਤੀ ਸ਼ਰਧਾਂਜਲੀ
Friday, Oct 30, 2020 - 10:39 AM (IST)
ਗਾਂਧੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸ਼ੁੱਕਰਵਾਰ ਨੂੰ 2 ਦਿਨਾ ਯਾਤਰਾ 'ਤੇ ਗੁਜਰਾਤ ਪਹੁੰਚ ਗਏ ਹਨ। ਇਸ ਦੌਰਾਨ ਉਹ ਸਾਬਕਾ ਮੁੱਖ ਮੰਤਰੀ ਕੇਸ਼ੁਭਾਈ ਪਟੇਲ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਜ ਦਿੱਤੀ। ਪੀ.ਐੱਮ. ਮੋਦੀ ਕਈ ਪ੍ਰਾਜੈਕਟਾਂ ਦੇ ਨਾਲ ਹੀ ਦੇਸ਼ ਦੀ ਪਹਿਲੀ ਸੀ-ਪਲੇਨ ਸੇਵਾ ਦਾ ਵੀ ਉਦਘਾਟਨ ਕਰਨਗੇ। ਉਹ ਸ਼ਨੀਵਾਰ ਯਾਨੀ 31 ਅਕਤੂਬਰ ਨੂੰ ਲੌਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਦੀ 145ਵੀਂ ਜਯੰਤੀ ਮੌਕੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ 'ਚ ਉਨ੍ਹਾਂ ਦੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ਼ ਯੂਨਿਟੀ 'ਤੇ ਵੀ ਜਾਣਗੇ। ਅਧਿਕਾਰਤ ਸੂਚਨਾ ਅਨੁਸਾਰ ਉਹ ਦੁਪਹਿਰ ਬਾਅਦ ਮੱਧ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ਪਹੁੰਚਣਗੇ ਅਤੇ ਵੱਖ-ਵੱਖ ਵਿਕਾਸ ਕੰਮਾਂ ਦੇ 17 ਪ੍ਰਾਜੈਕਟਾਂ ਦਾ ਉਦਘਾਟਨ ਅਤੇ ਚਾਰ ਦਾ ਨੀਂਹ ਪੱਥਰ ਰੱਖਣਗੇ।
ਰਾਜਪਾਲ ਆਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਇਸ ਮੌਕੇ ਮੌਜੂਦ ਰਹਿਣਗੇ। ਸਾਲ 2019 ਦੌਰਾਨ ਰਿਕਾਰਡ ਸਮੇਂ 'ਚ ਇਨ੍ਹਾਂ 17 ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਗਿਆ ਹੈ। 2 ਸਾਲ ਪਹਿਲਾਂ 31 ਅਕਤੂਬਰ 2018 ਨੂੰ ਸਟੈਚੂ ਆਫ਼ ਯੂਨਿਟੀ ਨੂੰ ਰਾਸ਼ਟਰ ਨੂੰ ਸਮਰਿਪਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕੇਵੜੀਆ ਦੇ ਇਕ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਦੇ ਰੂਪ 'ਚ ਏਕੀਕ੍ਰਿਤ ਵਿਕਾਸ ਲਈ ਵੱਖ-ਵੱਖ ਥੀਮ 'ਤੇ ਆਧਾਰਤ ਪ੍ਰਾਜੈਕਟ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਸੀ। ਪ੍ਰਧਾਨ ਮੰਤਰੀ ਕੇਵੜੀਆ ਪਹੁੰਚਣ ਤੋਂ ਬਾਅਦ ਉੱਥੇ ਜੰਗਲ ਸਫਾਰੀ, ਹੈਂਡਲੂਮ ਅਤੇ ਹੈਂਡੀਕ੍ਰਾਫਟ, ਏਕਤਾ ਦੇ ਪ੍ਰਤੀਕ ਏਕਤਾ ਮਾਲ, ਦੁਨੀਆ ਦਾ ਸਭ ਤੋਂ ਪਹਿਲਾਂ ਤਕਨੀਕੀ ਆਧਾਰਤ ਬਾਲ ਪੋਸ਼ਣ ਪਾਰਕ (ਚਿਲਡਰਨ ਨਿਊਟ੍ਰਿਸ਼ਨ ਪਾਰਕ), ਦੇਸ਼ ਦੇ ਸਭ ਤੋਂ ਪਹਿਲੇ ਯੂਨਿਟੀ ਗਲੋ ਗਾਰਡਨ ਅਤੇ ਕੈਕਟਸ ਗਾਰਡਨ ਦਾ ਉਦਘਾਟਨ ਕਰਨਗੇ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਭਾਜਪਾ ਦੇ ਤਿੰਨ ਵਰਕਰਾਂ ਦੀ ਮੌਤ, PM ਮੋਦੀ ਨੇ ਕੀਤੀ ਨਿੰਦਾ