ਸਰਕਾਰ ਦੇ ਕੰਮ ਦਾ ਲੇਖਾ-ਜੋਖਾ ਮੰਗਣਾ ਇਕ ਰੁਝਾਨ ਬਣ ਗਿਆ ਹੈ : ਨਰਿੰਦਰ ਮੋਦੀ
Tuesday, Mar 05, 2019 - 01:24 PM (IST)

ਅਡਲਾਜ (ਗੁਜਰਾਤ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਦੇ ਕੰਮ ਦਾ ਲੇਖਾ-ਜੋਖਾ ਮੰਗਣਾ ਦੇਸ਼ 'ਚ ਹੁਣ ਇਕ ਚਲਨ ਬਣ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਸਮਾਜ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਕਿ ਵਧ ਤੋਂ ਵਧ ਸਮਾਜਿਕ ਕੰਮ ਕੀਤੇ ਜਾ ਸਕਣ। ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਗਾਂਧੀਨਗਰ ਜ਼ਿਲੇ ਦੇ ਅਡਲਾਜ ਕਸਬੇ 'ਚ ਨਵੇਂ ਬਣੇ ਅੰਨਪੂਰਨਾ ਧਾਮ ਮੰਦਰ ਦੇ ਇਕ ਪ੍ਰੋਗਰਾਮ 'ਚ ਕਿਹਾ,''ਹਾਲ 'ਚ ਇਕ ਨਵਾਂ ਚਲਨ ਦੇਖਣ ਨੂੰ ਮਿਲਿਆ ਹੈ, ਜਿੱਥੇ ਲੋਕ ਹਰ ਕੰਮ ਸਰਕਾਰ ਵਲੋਂ ਕੀਤੇ ਜਾਣ ਦੀ ਉਮੀਦ ਕਰਦੇ ਹਨ। ਉਹ ਸਰਕਾਰ ਤੋਂ ਉਨ੍ਹਾਂ ਕੰਮਾਂ ਦੇ ਵੀ ਜਵਾਬ ਮੰਗਦੇ ਹਨ, ਜੋ ਨਹੀਂ ਕੀਤੇ ਗਏ। ਇਹ ਸਾਡੇ ਦੇਸ਼ ਦੀ ਪਰੰਪਰਾ ਨਹੀਂ ਸੀ।''
ਉਨ੍ਹਾਂ ਨੇ ਕਿਹਾ ਕਿ ਪਹਿਲੇ ਸਮਾਜ ਧਰਮਸ਼ਾਲਾ, ਗਊਸ਼ਾਲਾ, ਪੋਖਰ ਅਤੇ ਲਾਇਬਰੇਰੀਆਂ ਦਾ ਨਿਰਮਾਣ ਕਰਦਾ ਸੀ। ਮੋਦੀ ਨੇ ਕਿਹਾ,''ਇਨ੍ਹਾਂ ਸਾਰਿਆਂ ਦਾ ਨਿਰਮਾਣ ਸਮਾਜ ਦੀ ਤਾਕਤ ਨਾਲ ਹੋਇਆ ਕਰਦਾ ਸੀ। ਹੌਲੀ-ਹੌਲੀ, ਜਾਣਬੁੱਝ ਕੇ ਜਾਂ ਅਣਜਾਣੇ 'ਚ ਸਮਾਜ ਦੀ ਇਸ ਗਤੀਵਿਧੀ ਨੂੰ ਦਬਾ ਦਿੱਤਾ ਗਿਆ ਅਤੇ ਦੇਸ਼ ਨੇ ਸਮਾਜਿਕ ਕੰਮ ਕਰਨ ਦੀ ਜ਼ਿੰਮੇਵਾਰੀ ਲੈ ਲਈ।'' ਪ੍ਰਧਾਨ ਮੰਤਰੀ ਨੇ ਪਾਟੀਦਾਰ ਭਾਈਚਾਰੇ ਦੀ ਉੱਪਜਾਤੀ ਲੇਵਾ ਪਟੇਲ ਵਲੋਂ ਬਣਾਏ ਗਏ ਮੰਦਰ ਦੇ ਉਦਘਾਟਨ ਤੋਂ ਬਾਅਦ ਕਿਹਾ,''ਸਾਡੀ ਕੋਸ਼ਿਸ਼ ਹੈ ਕਿ ਰਾਜ ਨੂੰ ਪ੍ਰਸ਼ਾਸਨਿਕ ਕੰਮ ਕਰਨਾ ਚਾਹੀਦਾ ਅਤੇ ਸਮਾਜ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਤਾਂ ਕਿ ਉਹ ਲੋਕਾਂ ਦੀ ਬਿਹਤਰੀ ਲਈ ਅਜਿਹੇ ਸਮਾਜਿਕ ਕੰਮ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਸਰਦਾਰ ਵਲੱਭਬਾਈ ਪਟੇਲ ਦੀ ਅਗਵਾਈ 'ਚ ਉਹ ਲੇਵਾ ਭਾਈਚਾਰਾ ਹੀ ਸੀ, ਜਿਸ ਨੇ ਅਮੂਲ ਅੰਦੋਲਨ ਦੀ ਸ਼ੁਰੂਆਤ ਕੀਤੀ ਅਤੇ ਗੁਜਰਾਤ ਦੇ ਪਿੰਡਾਂ ਦੀਆਂ ਸਾਰੀਆਂ ਜਾਤੀਆਂ ਅਤੇ ਵਰਗਾਂ ਦੇ ਲੋਕਾਂ ਨੂੰ ਫਾਇਦਾ ਪਹੁੰਚਾਇਆ ਸੀ। ਭਾਈਚਾਰੇ ਦੇ ਮੈਂਬਰਾਂ ਤੋਂ ਸਮਾਜਿਕ ਕੰਮ ਕਰਨ ਦੀ ਅਪੀਲ ਕਰਦੇ ਹੋਏ ਮੋਦੀ ਨੇ ਕਿਹਾ,''ਮੈਂ ਤੁਹਾਡੇ ਮੰਦਰ ਆਉਣ ਵਾਲੇ ਹਰੇਕ ਵਿਅਕਤੀ ਨੂੰ ਪ੍ਰਸਾਦ ਦੇ ਰੂਪ 'ਚ ਇਕ ਬੂਟਾ ਵੰਡਣ ਅਤੇ ਉਸ ਨੂੰ ਵੱਡਾ ਕਰਨ ਲਈ ਕਹਿਣ ਲਈ ਕਹਾਂਗਾ।''