ਮੁੰਬਈ ਏਅਰਪੋਰਟ ਦਾ ਸਰਵਰ ਡਾਊਨ, ਕਈ ਉਡਾਣਾਂ ਪ੍ਰਭਾਵਿਤ, ਯਾਤਰੀਆਂ ’ਚ ਮਚੀ ਰਹੀ ਹਫੜਾ-ਦਫੜੀ
Friday, Dec 02, 2022 - 11:57 AM (IST)
ਮੁੰਬਈ– ਮੁੰਬਈ ਇੰਟਰਨੈਸ਼ਨਲ ਏਅਰਪੋਰਟ ’ਤੇ ਵੀਰਵਾਰ ਨੂੰ ਸਰਵਰ ਡਾਊਨ ਹੋਣ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋ ਗਈਆਂ ਅਤੇ ਯਾਤਰੀਆਂ ਦੀ ਭੀੜ ਵੱਧ ਗਈ। ਜਾਣਕਾਰੀ ਮੁਤਾਬਕ ਏਅਰਪੋਰਟ ’ਤੇ ਆਮ ਤੁਲਨਾ ਵਿਚ ਭੀੜ ਥੋੜੀ ਜ਼ਿਆਦਾ ਸੀ। ਇਸ ਨਾਲ ਉਥੇ ਹਫੜਾ-ਦਫੜੀ ਭਰਿਆ ਮਾਹੌਲ ਬਣ ਗਿਆ। ਹਾਲਾਂਕਿ ਮੁੰਬਈ ਏਅਰਪੋਰਟ ਦੇ ਟਰਮੀਨਲ-2 ’ਤੇ ਵੀਰਵਾਰ ਸ਼ਾਮ ਸਾਰੇ ਸਿਸਟਮ 40 ਮਿੰਟ ਤੱਕ ਡਾਊਨ ਰਹਿਣ ਤੋਂ ਬਾਅਦ ਮੁੜ ਚਾਲੂ ਹੋ ਗਏ।
ਰਿਪੋਰਟਾਂ ਮੁਤਾਬਕ ਏਅਰਪੋਰਟ ’ਤੇ ਸੀ. ਆਈ. ਟੀ. ਏ. ਸਿਸਟਮ ਡਾਊਨ ਹੋਇਆ ਸੀ। ਏਅਰਪੋਰਟ ’ਤੇ ਸਾਰਾ ਕੰਮ ਸੀ. ਆਈ. ਟੀ. ਏ. ਨਾਲ ਹੀ ਹੁੰਦਾ ਹੈ। ਇਸੇ ਤੋਂ ਏਅਰਪੋਰਟ ਦਾ ਸਰਵਰ ਚੱਲਦਾ ਹੈ। ਸਿਸਟਮ ਕ੍ਰੈਸ਼ ਹੋਣ ਨਾਲ ਹਵਾਈ ਸੇਵਾਵਾਂ ਠੱਪ ਹੋ ਗਈਆਂ ਸਨ। ਇਸ ਕਾਰਨ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ।
ਸੈਂਟਰਲ ਇੰਡਸਟ੍ਰੀਅਲ ਸਕਿਓਰਿਟੀ ਫੋਰਸ ਦੇ ਡੀ. ਆਈ. ਜੀ. ਸ਼੍ਰੀਕਾਂਤ ਕਿਸ਼ੋਰ ਨੇ ਸਿਸਟਮ ਡਾਊਨ ਹੋਣ ਦੀ ਪੁਸ਼ਟੀ ਕੀਤੀ। ਏਅਰਪੋਰਟ ਦੇ ਸਿਸਟਮ ਦੇ ਡਾਊਨ ਹੋਣ ’ਤੇ ਏਅਰਪੋਰਟ ਦੇ ਕਰਮਚਾਰੀਆਂ ਨੂੰ ਮੈਨੁਅਲ ਮੋਡ ’ਤੇ ਕੰਮ ਕਰਨਾ ਪਿਆ। ਸੀ. ਆਈ. ਐੱਸ. ਐੱਫ. ਨੇ ਕਿਹਾ ਕਿ ਭੀੜ ਨੂੰ ਚੰਗੀ ਤਰ੍ਹਾਂ ਮੈਨੇਜ ਕੀਤਾ ਗਿਆ ਅਤੇ ਕੋਈ ਅਰਾਜਕਤਾ ਨਹੀਂ ਹੋਈ, ਕਿਉਂਕਿ ਮੈਨੁਅਲ ਪਾਸ ਜਾਰੀ ਕੀਤੇ ਗਏ।
ਓਧਰ, ਏਅਰ ਇੰਡੀਆ ਨੇ ਵੀ ਸਿਸਟਮ ਦੇ ਡਾਊਨ ਹੋਣ ’ਤੇ ਇਕ ਟਵੀਟ ਕੀਤਾ। ਏਅਰ ਇੰਡੀਆ ਨੇ ਲਿਖਿਆ ਕਿ ਅਸੀਂ ਸਮਝ ਸਕਦੇ ਹਾਂ ਕਿ ਯਾਤਰੀਆਂ ਨੂੰ ਕਿੰਨੀ ਦਿੱਕਤ ਹੋ ਰਹੀ ਸੀ।
ਯਾਤਰੀਆਂ ਨੇ ਟਵਿੱਟਰ ’ਤੇ ਕੀਤੀ ਸ਼ਿਕਾਇਤ
ਏਅਰਪੋਰਟ ’ਤੇ ਫਲਾਈਟ ਫੜ੍ਹਨ ਪੁੱਜੇ ਯਾਤਰੀਆਂ ਨੇ ਟਵੀਟ ਕਰ ਕੇ ਸਿਸਟਮ ਡਾਊਨ ਹੋਣ ਦੀ ਜਾਣਕਾਰੀ ਸ਼ੇਅਰ ਕੀਤੀ। ਇਕ ਯਾਤਰੀ ਨੇ ਟਵਿੱਟਰ ’ਤੇ ਲਿਖਿਆ ਕਿ ਮੁੰਬਈ ਏਅਰਪੋਰਟ ’ਤੇ ਜਿਵੇਂ ਹੀ ਚੈੱਕ-ਇਨ ਲਈ ਆਪਣਾ ਬੈਗ ਰੱਖਿਆ, ਉਸੇ ਪਲ ਸਾਰੇ ਸਿਸਟਮ ਡਾਊਨ ਹੋ ਗਏ। ਸਭ ਕੁਝ ਰੁਕਿਆ ਹੋਇਆ ਸੀ।