ਅਵਧੇਸ਼ ਰਾਏ ਕਤਲਕਾਂਡ ''ਚ ਮੁਖਤਾਰ ਅੰਸਾਰੀ ਨੂੰ ਉਮਰ ਕੈਦ, 32 ਸਾਲ ਬਾਅਦ ਆਇਆ ਫ਼ੈਸਲਾ

Monday, Jun 05, 2023 - 03:07 PM (IST)

ਲਖਨਊ- ਵਾਰਾਣਸੀ ਦੀ ਇਕ ਅਦਾਲਤ ਨੇ 32 ਸਾਲ ਪਹਿਲਾਂ ਹੋਏ ਕਾਂਗਰਸ ਨੇਤਾ ਅਵਧੇਸ਼ ਰਾਏ ਦੇ ਕਤਲ ਮਾਮਲੇ 'ਚ ਗੈਂਗਸਟਰ ਅਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਕ ਵਕੀਲ ਨੇ ਵਾਰਾਣਸੀ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐੱਮ. ਪੀ-ਐੱਮ. ਐੱਲ. ਏ. ਅਦਾਲਤ ਦੇ ਵਿਸ਼ੇਸ਼ ਜੱਜ ਅਵਨੀਸ਼ ਗੌਤਮ ਨੇ ਮਾਮਲੇ ਵਿਚ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਕੇਸ ਦੀ ਸੁਣਵਾਈ ਮਗਰੋਂ ਅਦਾਲਤ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪਿਛਲੇ ਇਕ ਸਾਲ ਵਿਚ ਮੁਖਤਾਰ ਅੰਸਾਰੀ ਨੂੰ 4 ਮਾਮਲਿਆਂ ਵਿਚ ਸਜ਼ਾ ਸੁਣਾਈ ਜਾ ਚੁੱਕੀ ਹੈ।

ਕੀ ਹੈ ਪੂਰੀ ਘਟਨਾ

ਇਹ ਘਟਨਾ 1991 ਦੀ ਹੈ, ਜਦੋਂ 3 ਅਗਸਤ 1991 ਨੂੰ ਵਾਰਾਣਸੀ ਦੇ ਲਹੁਰਾਬੀਰ ਵਿਚ ਅਵਧੇਸ਼ ਰਾਏ ਦੀ ਉਨ੍ਹਾਂ ਦੇ ਘਰ ਦੇ ਬਾਹਰ ਹੀ ਕਤਲ ਕਰ ਦਿੱਤਾ ਗਿਆ ਸੀ। ਹਥਿਆਰਬੰਦ ਬਦਮਾਸ਼ਾਂ ਨੇ ਅਵਧੇਸ਼ ਰਾਏ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ। ਵੈਨ 'ਚ ਸਵਾਰ ਬਦਮਾਸ਼ਾਂ ਨੇ ਤਾਬੜਤੋੜ ਗੋਲੀਆਂ ਵਰ੍ਹਾ ਕੇ ਅਵਧੇਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਵਧੇਸ਼ ਦੇ ਭਰਾ ਅਤੇ ਕਾਂਗਰਸ ਨੇਤਾ ਅਜੇ ਰਾਏ ਨੇ ਇਸ ਮਾਮਲੇ 'ਚ ਮੁਖਤਾਰ ਅੰਸਾਰੀ ਸਮੇਤ ਸਾਬਕਾ ਵਿਧਾਇਕ ਅਬਦੁੱਲ ਕਲਾਮ, ਭੀਮ ਸਿੰਘ, ਕਮਲੇਸ਼ ਸਿੰਘ ਅਤੇ ਰਾਕੇਸ਼ ਨੂੰ ਮੁੱਖ ਦੋਸ਼ੀ ਬਣਾਇਆ ਗਿਆ। ਸੋਮਵਾਰ ਯਾਨੀ ਕਿ ਅੱਜ ਵਾਰਾਣਸੀ ਦੀ ਅਦਾਲਤ ਵਿਚ ਵੀਡੀਓ ਕਾਨਫਰੰਸ ਜ਼ਰੀਏ ਅੰਸਾਰੀ ਦੀ ਪੇਸ਼ੀ ਹੋਈ। ਬਾਕੀ ਚਾਰ ਦੋਸ਼ੀਆਂ ਦਾ ਕੇਸ ਪ੍ਰਯਾਗਰਾਜ ਦੀ ਕੋਰਟ ਵਿਚ ਚੱਲ ਰਿਹਾ ਹੈ।

ਕੇਸ ਡਾਇਰੀ ਹੀ ਹੋ ਗਈ ਸੀ ਗਾਇਬ

ਇਸ ਕੇਸ ਦੀ ਦਿਲਚਸਪ ਗੱਲ ਇਹ ਸੀ ਕਿ ਕੇਸ ਦੀ ਸੁਣਵਾਈ ਦੌਰਾਨ ਜੂਨ 2022 ਵਿਚ ਪਤਾ ਲੱਗਾ ਕਿ ਮੂਲ ਕੇਸ ਡਾਇਰੀ ਹੀ ਗਾਇਬ ਹੈ। ਇਸ ਤੋਂ ਬਾਅਦ ਵਾਰਾਣਸੀ ਤੋਂ ਪ੍ਰਯਾਗਰਾਜ ਤੱਕ ਕੇਸ ਡਾਇਰੀ ਦੀ ਤਲਾਸ਼ੀ ਹੋਈ ਪਰ ਕੇਸ ਡਾਇਰੀ ਨਹੀਂ ਮਿਲੀ। ਦੱਸਿਆ ਜਾਂਦਾ ਹੈ ਕਿ ਮੂਲ ਕੇਸ ਡਾਇਰੀ ਦੇ ਗਾਇਬ ਕਰਾਉਣ ਦੇ ਮਾਮਲੇ 'ਚ ਮੁਖਤਾਰ ਅੰਸਾਰੀ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕੀਤਾ ਸੀ।
 


Tanu

Content Editor

Related News