ਖੜਗੇ ਨੇ ਕੀਤਾ ਕਿਸਾਨ ਅੰਦੋਲਨ ਦਾ ਸਮਰਥਨ, ਕਿਹਾ- ਮੋਦੀ ਸਰਕਾਰ ਨੇ ਅੰਨਦਾਤਾ ਨਾਲ ਕੀਤੇ ਵਾਅਦੇ ਤੋੜੇ
Tuesday, Feb 13, 2024 - 12:18 PM (IST)
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਅੰਨਦਾਤਾ ਨਾਲ ਕੀਤੇ ਵਾਅਦੇ ਤੋੜ ਦਿੱਤੇ। ਉਨ੍ਹਾਂ ਨੇ ਦਾਅਵਾ ਵੀ ਕੀਤਾ ਕਿ ਸਰਕਾਰ ਹੁਣ ਕਿਸਾਨਾਂ ਦੀ ਆਵਾਜ਼ 'ਤੇ ਲਗਾਮ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਖੜਗੇ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਕਿ ਕੰਡਿਆਲੀ ਤਾਰਾਂ, ਡਰੋਨ ਨਾਲ ਹੰਝੂ ਗੈਸ, ਕੀਲਾਂ ਅਤੇ ਬੰਦੂਕਾਂ... ਸਾਰਿਆਂ ਦਾ ਇੰਤਜ਼ਾਮ, ਤਾਨਾਸ਼ਾਹ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਵਾਜ਼ 'ਤੇ ਜੋ ਲਾਉਣੀ ਹੈ ਲਗਾਮ! ਉਨ੍ਹਾਂ ਨੇ ਕਿਹਾ ਕਿ ਯਾਦ ਹੈ ਨਾ 'ਅੰਦੋਲਨਜੀਵੀ' ਅਤੇ 'ਪਰਜੀਵੀ' ਕਹਿ ਕੇ ਕੀਤਾ ਸੀ ਬਦਨਾਮ ਅਤੇ 750 ਕਿਸਾਨਾਂ ਦੀ ਲਈ ਸੀ ਜਾਨ।
ਖਰੜੇ ਨੇ ਦੋਸ਼ ਲਾਇਆ ਕਿ 10 ਸਾਲਾਂ ਵਿਚ ਮੋਦੀ ਸਰਕਾਰ ਨੇ ਦੇਸ਼ ਦੇ ਅੰਨਦਾਤਾ ਨਾਲ ਕੀਤੇ ਗਏ ਆਪਣੇ ਤਿੰਨ ਵਾਅਦੇ ਤੋੜੇ ਹਨ, 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ, ਸਵਾਮੀਨਾਥਨ ਰਿਪੋਰਟ ਮੁਤਾਬਤ ਲਾਗਤ ਅਤੇ 50 ਫ਼ੀਸਦੀ MSP ਲਾਗੂ ਕਰਨਾ ਅਤੇ MSP ਨੂੰ ਕਾਨੂੰਨੀ ਦਰਜਾ। ਖਰੜੇ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ 62 ਕਰੋੜ ਕਿਸਾਨਾਂ ਦੀ ਆਵਾਜ਼ ਚੁੱਕਣ ਦਾ। ਉਨ੍ਹਾਂ ਕਿਹਾ ਕਿ ਸਾਡਾ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ ਹੈ। ਨਾ ਡਰਾਂਗੇ ਅਤੇ ਨਾ ਝੁਕਾਂਗੇ।