ਕਸ਼ਮੀਰੀਆਂ ਲਈ ਮਹਿਬੂਬਾ ਦੇ ਮਗਰਮੱਛ ਵਾਲੇ ਹਹੰਝੂ ਹੁਣ ਕੰਮ ਨਹੀਂ ਕਰਨਗੇ : ਉਮਰ

10/17/2018 12:11:19 AM

ਸ਼੍ਰੀਨਗਰ (ਯੂ.ਐੱਨ.ਆਈ.)-ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਵਿਦਿਆਰਥੀ ਤੋਂ ਅੱਤਵਾਦੀ ਬਣੇ ਮੰਨਾਨ ਵਾਨੀ ਦੇ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਮਾਰੇ ਜਾਣ 'ਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਮੁਖੀ ਮਹਿਬੂਬਾ ਮੁਫਤੀ ਦੇ ਬਿਆਨ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਝੂਠੀ ਹਮਦਰਦੀ ਅਤੇ ਮਗਰਮੱਛ ਵਾਲੇ ਹੰਝੂ ਪਹਿਲਾਂ ਕਾਰਗਰ ਸਨ ਪਰ ਹੁਣ ਲੋਕ ਉਨ੍ਹਾਂ ਦੇ ਝਾਂਸੇ 'ਚ ਨਹੀਂ ਆਉਣਗੇ।

ਅਬਦੁੱਲਾ ਨੇ ਟਵੀਟ ਕਰਕੇ ਕਿਹਾ ਕਿ ਮੁਫਤੀ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੈ ਅਤੇ ਉਹ ਇਸ ਗੱਲ ਨੂੰ ਭੁੱਲ ਗਈ ਹੈ ਕਿ ਆਪਣੇ ਪੂਰੇ ਕਾਰਜਕਾਲ ਦੌਰਾਨ ਉਸ ਨੇ ਇਸੇ ਚੀਜ਼ ਨੂੰ ਹੱਲਾਸ਼ੇਰੀ ਦਿੱਤੀ ਸੀ ਅਤੇ ਹੁਣ ਉਹ ਲਗਾਤਾਰ ਹੋ ਰਹੀ ਹਿੰਸਾ ਬਾਰੇ ਕੋਈ ਪ੍ਰਕਿਰਿਆ ਦੇਣ ਦੀ ਸਥਿਤੀ 'ਚ ਨਹੀਂ ਹੈ। ਮੁਫਤੀ ਨੇ ਹੀ ਸਾਂਝੀ ਕਮਾਨ ਦੀ ਅਗਵਾਈ ਕੀਤੀ ਸੀ ਅਤੇ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੇ ਸਫਾਏ ਬਾਰੇ ਨਿਰਦੇਸ਼ ਦਿੱਤੇ ਸਨ। ਜ਼ਿਕਰਯੋਗ ਹੈ ਕਿ ਮੁਫਤੀ ਨੇ ਅੱਤਵਾਦੀ ਮੰਨਾਨ ਦੇ ਮਾਰੇ ਜਾਣ 'ਤੇ ਕਿਹਾ ਸੀ ਕਿ ਉਹ ਘਾਟੀ 'ਚ ਲਗਾਤਾਰ ਹੋ ਰਹੀ ਹਿੰਸਾ ਦਾ ਸ਼ਿਕਾਰ ਹੋਇਆ ਹੈ।


Related News