ਨਾਬਾਲਗ ਨਾਲ ਸਮੂਹਿਕ ਜਬਰ-ਜ਼ਨਾਹ, ਵਿਰੋਧ ’ਚ ਸੜਕਾਂ ’ਤੇ ਉਤਰੇ ਲੋਕ

Saturday, Aug 24, 2024 - 10:16 AM (IST)

ਗੁਹਾਟੀ- ਆਸਾਮ ਦੇ ਨਾਗਾਓਂ ਜ਼ਿਲ੍ਹੇ ਵਿਚ 3 ਵਿਅਕਤੀਆਂ ਵੱਲੋਂ 14 ਸਾਲਾ ਇਕ ਨਾਬਾਲਗ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤੇ ਜਾਣ ਦੀ ਘਟਨਾ ਦੇ ਵਿਰੋਧ ਵਿਚ ਸੂਬੇ ਦੇ ਲੋਕ ਸੜਕਾਂ ’ਤੇ ਉਤਰ ਆਏ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਧੀਂਗ ਇਲਾਕੇ ਵਿਚ ਉਸ ਸਮੇਂ ਵਾਪਰੀ, ਜਦੋਂ ਕੁੜੀ ਵੀਰਵਾਰ ਸ਼ਾਮ ਟਿਊਸ਼ਨ ਤੋਂ ਘਰ ਪਰਤ ਰਹੀ ਸੀ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੂੰ ਨਾਬਾਲਗ ਪੀੜਤਾ ਸੜਕ ਕਿਨਾਰੇ ਬੇਹੋਸ਼ੀ ਦੀ ਹਾਲਤ ’ਚ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੀੜਤਾ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ 2 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਹੋਰਨਾਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ- ਏਅਰ ਇੰਡੀਆ ਦੇ ਜਹਾਜ਼ 'ਚ ਬੰਬ ਦੀ ਧਮਕੀ, 135 ਯਾਤਰੀਆਂ 'ਚ ਮਚੀ ਤੜਥੱਲੀ

ਇਸ ਦੌਰਾਨ ਸ਼ੁੱਕਰਵਾਰ ਸਵੇਰੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਉਤਰ ਆਏ। ਦੁਕਾਨਦਾਰਾਂ ਨੇ ਆਪਣੇ ਵਪਾਰਕ ਅਦਾਰਿਆਂ ਦੇ ਸ਼ਟਰ ਬੰਦ ਕਰ ਲਏ ਅਤੇ ਸਮਾਜਿਕ ਤੇ ਸਿਆਸੀ ਜਥੇਬੰਦੀਆਂ ਨੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕਰਨ ਅਤੇ ਔਰਤਾਂ ਤੇ ਕੁੜੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਇਲਾਕੇ ’ਚ ਤਣਾਅ ਦਰਮਿਆਨ ਪੁਲਸ ਡਾਇਰੈਕਟਰ ਜਨਰਲ ਜੀ. ਪੀ. ਸਿੰਘ ਉੱਥੇ ਪਹੁੰਚ ਗਏ। ਮੁੱਖ ਮੰਤਰੀ ਹਿਮੰਤ ਵਿਸ਼ਵ ਸਰਮਾ ਨੇ ਕਿਹਾ ਕਿ ਧੀਂਗ ਵਿਚ ਇਕ ਨਾਬਾਲਗ ਨਾਲ ਵਾਪਰੀ ਭਿਆਨਕ ਘਟਨਾ ਮਨੁੱਖਤਾ ਵਿਰੁੱਧ ਅਪਰਾਧ ਹੈ ਅਤੇ ਇਸ ਨੇ ਸਾਡੇ ਸਾਰਿਆਂ ਦੇ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ- ਬੱਚੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 300 ਪ੍ਰਦਰਸ਼ਨਕਾਰੀਆਂ ਖਿਲਾਫ਼ FIR

ਸਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਅਤੇ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਵਾਂਗੇ। ਮੈਂ ਆਸਾਮ ਦੇ ਪੁਲਸ ਡਾਇਰੈਕਟਰ ਜਨਰਲ ਨੂੰ ਘਟਨਾ ਸਥਾਨ ਦਾ ਦੌਰਾ ਕਰਨ ਅਤੇ ਅਜਿਹੇ ਰਾਖਸ਼ਾਂ ਖਿਲਾਫ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।


Tanu

Content Editor

Related News