ਸਫਾਈ ਲਈ ਸੀਵਰੇਜ ਮੈਨਹੋਲ ''ਚ ਉਤਰੇ ਮਜ਼ਦੂਰ ਦੀ ਗੈਸ ਚੜ੍ਹਣ ਨਾਲ ਮੌਤ, ਟੀਮ ਕਰੇਗੀ ਜਾਂਚ

Wednesday, Mar 11, 2026 - 07:32 PM (IST)

ਸਫਾਈ ਲਈ ਸੀਵਰੇਜ ਮੈਨਹੋਲ ''ਚ ਉਤਰੇ ਮਜ਼ਦੂਰ ਦੀ ਗੈਸ ਚੜ੍ਹਣ ਨਾਲ ਮੌਤ, ਟੀਮ ਕਰੇਗੀ ਜਾਂਚ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪੱਛਮੀ ਬੰਗਾਲ ਰਾਜ ਦੇ ਮਾਲਦਾ ਜ਼ਿਲ੍ਹੇ ਦੇ ਰਹਿਣ ਵਾਲੇ ਨੌਜਵਾਨ ਮਜ਼ਦੂਰ ਦੀ ਸੀਵਰੇਜ ਮੈਨਹੋਲ ਵਿੱਚ ਗੈਸ ਚੜ੍ਹਣ ਨਾਲ ਮੌਤ ਹੋ ਗਈ। ਇਸ ਮਾਮਲੇ ਵਿੱਚ ਸਿਸਟਮ ਦੀ ਲਾਪਰਵਾਹੀ ਸਾਹਮਣੇ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਦੀ ਰਾਤ ਲਗਭਗ ਨੌਂ ਵਜੇ ਮਾਰਕਿਟ ਕਮੇਟੀ ਦਫ਼ਤਰ ਦੀ ਬੈਕ ਸਾਈਡ ਸੀਵਰੇਜ ਬਲਾਕੇਜ ਸਾਫ ਕਰਨ ਲਈ ਬਿਨਾਂ ਸੇਫਟੀ ਯੰਤਰਾਂ ਦੇ 10 ਫੁੱਟ ਡੂੰਘੇ ਮੈਨਹੋਲ ਵਿੱਚ ਉਤਾਰਿਆ ਗਿਆ, ਪਰ ਗੈਸ ਚੜ੍ਹਣ ਨਾਲ ਮਜ਼ਦੂਰ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਗਿਆ ਅਤੇ ਬਾਹਰ ਨਹੀਂ ਨਿਕਲ ਸਕਿਆ। 

ਸਾਥੀ ਮਜ਼ਦੂਰਾਂ ਨੂੰ ਸੂਚਨਾ ਦੇ ਕੇ ਸੀਵਰੇਜ ਬੋਰਡ ਦਾ ਜੇਈ ਅਤੇ ਸੁਪਰਵਾਈਜ਼ਰ ਆਪਣਾ ਪੱਲਾ ਝਾੜ ਕੇ ਉੱਥੋਂ ਚਲੇ ਗਏ ਅਤੇ ਮਜ਼ਦੂਰ ਦੇ ਸਾਥੀ ਸਵੇਰ ਤੱਕ ਉਸ ਨੂੰ ਮੈਨਹੋਲ ਵਿੱਚ ਲੱਭਦੇ ਰਹੇ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਹਦੁਲਹਕ (21) ਪੁੱਤਰ ਅਭਯਦੁਰ ਰਹਮਾਨ ਵਾਸੀ ਮਾਲਦਾ (ਪੱਛਮੀ ਬੰਗਾਲ) ਵਜੋਂ ਹੋਈ ਹੈ। ਲਾਸ਼ ਬਾਹਰ ਕੱਢਦੇ ਸਮੇਂ ਸ਼ਹਿਰ ਦੇ ਸਮਾਜ ਸੇਵੀ ਅਸ਼ੋਕ ਮਹਿੰਦਰਾ ਅਤੇ ਹੋਰਨਾਂ ਨੇ ਮੌਕੇ ’ਤੇ ਪਹੁੰਚੇ ਅਧਿਕਾਰੀ ਅਤੇ ਠੇਕੇਦਾਰ ਤੋਂ ਕੜੇ ਸਵਾਲ ਕੀਤੇ। ਉੱਥੇ ਹੀ ਇਸ ਮਾਮਲੇ ਨੂੰ ਅਧਿਕਾਰੀ ਅਤੇ ਠੇਕੇਦਾਰ ਦੀ ਲਾਪਰਵਾਹੀ ਦੱਸਿਆ। ਸੀਵਰੇਜ ਬੋਰਡ ਦੇ ਐਕਸੀਐਨ ਕੇਵਲ ਗਰਗ ਨੇ ਚਾਰ ਅਧਿਕਾਰੀਆਂ ’ਤੇ ਆਧਾਰਿਤ ਟੀਮ ਦਾ ਗਠਨ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਮਜ਼ਦੂਰ ਸਾਥੀ ਮੁਰਸ਼ਿਦ ਅਲੀ ਵਾਸੀ ਮਾਲਦਾ (ਪੱਛਮੀ ਬੰਗਾਲ) ਨੇ ਦੱਸਿਆ ਕਿ ਰਾਤ ਨੌਂ ਵਜੇ ਸੁਪਰਵਾਈਜ਼ਰ ਅਤੇ ਜੇਈ ਉਨ੍ਹਾਂ ਕੋਲ ਆਏ ਅਤੇ ਜਹਦੁਲਹਕ ਨੂੰ ਇਕੱਲੇ ਨਾਲ ਲੈ ਗਏ। ਪੌਣੇ ਦੱਸ ਵਜੇ ਉਨ੍ਹਾਂ ਨੂੰ ਸੁਪਰਵਾਈਜ਼ਰ ਨੇ ਸੂਚਿਤ ਕੀਤਾ ਕਿ ਉਨ੍ਹਾਂ ਦਾ ਸਾਥੀ ਮੈਨਹੋਲ ਤੋਂ ਬਾਹਰ ਨਹੀਂ ਨਿਕਲਿਆ ਹੈ। ਉਹ ਤੁਰੰਤ ਸਾਥੀਆਂ ਨਾਲ ਓਥੇ ਪਹੁੰਚਿਆ ਅਤੇ ਮੈਨਹੋਲ ਵਿੱਚ ਦੱਸ ਮੀਟਰ ਤੱਕ ਅੰਦਰ ਗਿਆ। ਪਰ ਉਨ੍ਹਾਂ ਦੇ ਸਾਥੀ ਦਾ ਕੋਈ ਪਤਾ ਨਹੀਂ ਲੱਗਿਆ। ਸੁਪਰਵਾਈਜ਼ਰ ਅਤੇ ਜੇਈ ਉੱਥੋਂ ਚਲੇ ਗਏ ਅਤੇ ਉਹ ਰਾਤ ਭਰ ਆਪਣੇ ਸਾਥੀ ਨੂੰ ਲੱਭਦੇ ਰਹੇ। ਉਨ੍ਹਾਂ ਕਿਹਾ ਕਿ ਅਧਿਕਾਰੀ ਅਤੇ ਸੁਪਰਵਾਈਜ਼ਰ ਦੀ ਲਾਪਰਵਾਹੀ ਨਾਲ ਇਹ ਘਟਨਾ ਹੋਈ ਹੈ। 

ਮਜ਼ਦੂਰ ਦੀ ਮੌਤ ਤੋਂ ਬਾਅਦ ਭੀਮ ਕ੍ਰਾਂਤੀ ਸੰਸਥਾ ਦੇ ਸੰਸਥਾਪਕ ਅਸ਼ੋਕ ਮਹਿੰਦਰਾ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਨੂੰ ਕਰ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਸੰਬੰਧਿਤ ਅਧਿਕਾਰੀਆਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ। ਮਹਿੰਦਰਾ ਨੇ ਕਿਹਾ ਕਿ ਸੀਵਰੇਜ ਬੋਰਡ ਅਤੇ ਠੇਕੇਦਾਰ ਦੀ ਲਾਪਰਵਾਹੀ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ। ਐਕਸੀਐਨ ਕੇਵਲ ਗਰਗ ਨੇ ਕਿਹਾ ਕਿ ਇਸ ਤਰ੍ਹਾਂ ਮਜ਼ਦੂਰ ਦੀ ਮੌਤ ਹੋਣਾ ਦੁੱਖਦ ਘਟਨਾ ਹੈ। ਇਹ ਮੌਤ ਕਿਵੇਂ ਹੋਈ ਅਤੇ ਕਿਸ ਦੀ ਲਾਪਰਵਾਹੀ ਨਾਲ ਹੋਈ ਇਸ ਦੀ ਜਾਂਚ ਲਈ ਚਾਰ ਮੈਂਬਰੀ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Baljit Singh

Content Editor

Related News