ਪਤਨੀ ਦੇ ਮਿਹਣੇ ਕਾਰਨ ਪਤੀ ਨੇ ਚੋਰੀ ਕੀਤਾ ਬੱਚਾ, ਵੀਡੀਓ ਵਾਇਰਲ ਹੋਣ ਮਗਰੋਂ ਹੋਇਆ ਖੁਲਾਸਾ
Monday, Dec 09, 2019 - 12:01 PM (IST)

ਕੈਥਲ— ਹਰਿਆਣਾ ਦੇ ਕੈਥਲ ਜ਼ਿਲੇ ਵਿਚ ਸ਼ਨੀਵਾਰ ਨੂੰ ਇਕ ਬੱਚਾ ਚੋਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ, ਜਿਸ 'ਚ ਪੁਲਸ ਨੇ ਸਫਲਤਾ ਹਾਸਲ ਕਰਦੇ ਹੋਏ ਬੱਚੇ ਨੂੰ ਬਰਾਮਦ ਕਰ ਲਿਆ ਹੈ। ਬੱਚਾ ਚੋਰੀ ਕਰਨ ਵਾਲੇ ਦੋਸ਼ੀ ਨੂੰ ਵੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਵਿਕਾਸ ਸ਼ਰਮਾ ਵਾਸੀ ਡੋਹਰ ਵਜੋਂ ਹੋਈ ਹੈ, ਜੋ ਬਲਰਾਜ ਨਗਰ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ। ਦਰਅਸਲ ਬਾਲ ਉਪਵਨ ਆਸ਼ਰਮ ਤੋਂ ਡੇਢ ਸਾਲ ਦੇ ਬੱਚੇ ਨੂੰ ਅਗਵਾ ਕੀਤਾ ਗਿਆ ਸੀ।
ਬੱਚੇ ਨੂੰ ਅਗਵਾ ਕੀਤੇ ਜਾਣ ਦੀ ਆਪਣੀ ਵੀਡੀਓ ਅਤੇ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਦੋਸ਼ੀ ਨੂੰ ਫੜੇ ਜਾਣ ਦਾ ਡਰ ਪੈਦਾ ਹੋ ਗਿਆ ਸੀ। ਪੁਲਸ ਦੋਸ਼ੀ ਤਕ ਪਹੁੰਚਣ ਵਾਲੀ ਸੀ ਕਿ ਇਸ ਤੋਂ ਪਹਿਲਾਂ ਉਹ ਬੱਚੇ ਨੂੰ ਲੈ ਕੇ ਖੁਦ ਸਿਟੀ ਥਾਣੇ 'ਚ ਪੁੱਜ ਗਿਆ ਅਤੇ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਬੱਚੇ ਨੂੰ ਪੁਲਸ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿ੍ਰਫਤਾਰ ਕਰ ਲਿਆ। ਪੁਲਸ ਨੇ ਬੱਚੇ ਦਾ ਮੈਡੀਕਲ ਕਰਵਾ ਕੇ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।
ਪੁੱਛ-ਗਿੱਛ 'ਚ ਦੋਸ਼ੀ ਨੇ ਖੁਲਾਸਾ ਕੀਤਾ ਕਿ ਵਿਆਹ ਦੇ ਢਾਈ ਸਾਲ ਬਾਅਦ ਵੀ ਉਹ ਪਿਤਾ ਨਹੀਂ ਬਣ ਸਕਿਆ। ਇਸ ਗੱਲ 'ਤੇ ਪਤਨੀ ਨਾਲ ਅਕਸਰ ਝਗੜਾ ਹੁੰਦਾ ਸੀ ਪਤਨੀ ਮਿਹਣੇ ਮਾਰਦੀ ਸੀ, ਇਸ ਲਈ ਬਾਲ ਉਪਵਨ ਆਸ਼ਰਮ 'ਚੋਂ ਬੱਚਾ ਗੋਦ ਲੈਣ ਦਾ ਫੈਸਲਾ ਕੀਤਾ। ਇੱਥੇ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਨੂੰ ਦੱਸਿਆ ਗਿਆ ਸੀ ਅਤੇ ਕਿਹਾ ਕਿ ਇਸ 'ਚ 2 ਸਾਲ ਦਾ ਸਮਾਂ ਵੀ ਲੱਗ ਸਕਦਾ ਹੈ। ਇਸ ਤੋਂ ਬਾਅਦ ਉਸ ਨੇ ਬੱਚਾ ਚੋਰੀ ਕਰਨ ਦੀ ਯੋਜਨਾ ਬਣਾਈ ਅਤੇ ਇਕੱਲੇ ਹੀ ਆਸ਼ਰਮ 'ਚ ਆਇਆ। ਉਹ ਬੱਚੇ ਨਾਲ ਖੇਡਣ ਮਗਰੋਂ ਉਸ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ। ਐੱਸ. ਪੀ. ਵਰਿੰਦਰ ਵਿਜ ਨੇ ਪ੍ਰੈੱਸ ਕਾਨਫਰੰਸ ਵਿਚ ਇਸ ਗੱਲ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਬਾਲ ਉਪਵਨ ਆਸ਼ਰਮ ਤੋਂ ਡੇਢ ਸਾਲ ਦਾ ਬੱਚਾ ਲਾਪਤਾ ਹੋ ਗਿਆ ਸੀ। ਆਸ਼ਰਮ 'ਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਚੈਕ ਕੀਤੀ ਗਈ ਤਾਂ ਇਕ ਵਿਅਕਤੀ ਬੱਚੇ ਨੂੰ ਅਗਵਾ ਕਰਦਾ ਨਜ਼ਰ ਆਇਆ, ਜੋ ਬੱਚੇ ਨੂੰ ਬਾਈਕ 'ਤੇ ਲੈ ਕੇ ਚੱਲਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲਾ ਪੁਲਸ ਬੱਚੇ ਨੂੰ ਲੱਭਣ 'ਚ ਜੁਟੀ ਸੀ। ਪੁਲਸ ਦੋਸ਼ੀ ਤਕ ਪੁੱਜਦੀ, ਇਸ ਤੋਂ ਪਹਿਲਾਂ ਉਹ ਬੱਚੇ ਨੂੰ ਲੈ ਕੇ ਖੁਦ ਥਾਣੇ ਪੁੱਜ ਗਿਆ।