ਪਹਿਲਾਂ ਪਤਨੀ ਨੂੰ ਘਰੋਂ ਕੱਢਿਆ, ਫਿਰ ਕਲਯੁੱਗੀ ਪਿਓ ਨੇ ਡੇਢ ਸਾਲਾ ਧੀ ਦਾ ਕੀਤਾ ਬੇਰਹਿਮੀ ਨਾਲ ਕਤਲ
Saturday, May 27, 2023 - 02:06 PM (IST)
ਨੋਇਡਾ (ਭਾਸ਼ਾ)- ਜੇਵਰ ਥਾਣਾ ਖੇਤਰ ਦੀ ਨਵੀਂ ਬਸਤੀ 'ਚ ਰਹਿਣ ਵਾਲੇ ਇਕ ਜੋੜੇ ਦਰਮਿਆਨ ਸ਼ੁੱਕਰਵਾਰ ਰਾਤ ਨੂੰ ਵਿਵਾਦ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਨਾਲ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਗੁੱਸੇ 'ਚ ਆ ਕੇ ਆਪਣੀ ਡੇਢ ਸਾਲਾ ਧੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਕਮਿਸ਼ਨਰ ਸਾਦ ਮਿਆਂ ਖਾਨ ਨੇ ਦੱਸਿਆ ਕਿ ਜੇਵਰ ਥਾਣਾ ਖੇਤਰ ਦੇ ਮੁਹੱਲਾ ਸਲਿਆਨ ਨਵੀਂ ਬਸਤੀ 'ਚ ਰਹਿਣ ਵਾਲੇ ਦੀਪਕ ਦਾ ਵਿਆਹ ਗਾਇਤਰੀ ਨਾਲ ਹੋਇਆ ਸੀ। ਦੋਹਾਂ ਦੇ ਚਾਰ ਬੱਚੇ ਹਨ।
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਪਤੀ-ਪਤਨੀ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਦੀਪਕ ਨੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਗੁੱਸੇ 'ਚ ਉਸ ਨੇ ਆਪਣੀ ਡੇਢ ਸਾਲਾ ਧੀ ਕੀਰਤੀ ਦਾ ਗਲ਼ਾ ਘੁੱਟ ਦਿੱਤਾ। ਖਾਨ ਨੇ ਦੱਸਿਆ ਕਿ ਇਸ ਘਟਨਾ 'ਚ ਕੀਰਤੀ ਦੀ ਮੌਤ ਹੋ ਗਈ। ਜਦੋਂ ਉਸ ਸਮੇਂ ਘਟਨਾ ਨੂੰ ਅੰਜਾਮ ਦੇ ਰਿਹਾ ਸੀ ਤਾਂ ਉਸ ਦੇ ਤਿੰਨ ਹੋਰ ਬੱਚੇ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਰਿਪੋਰਟ ਦਰਜ ਕਰ ਕੇ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੁਲਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।