ਮਹਾਰਾਸ਼ਟਰ : ਗੜ੍ਹਚਿਰੌਲੀ ਦੇ ਜੰਗਲ ਤੋਂ ਨਕਸਲੀਆਂ ਵਲੋਂ ਲੁਕਾਏ ਗਏ ਵਿਸਫ਼ੋਟਕ ਬਰਾਮਦ
Sunday, Apr 09, 2023 - 03:40 PM (IST)
ਗੜ੍ਹਚਿਰੌਲੀ (ਭਾਸ਼ਾ)- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਜੰਗਲ ਤੋਂ ਪੁਲਸ ਨੇ ਨਕਸਲੀਆਂ ਵਲੋਂ ਸੁਰੱਖਿਆ ਕਰਮੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਲੁਕਾ ਕੇ ਰੱਖੀ ਗਈ ਇਕ ਰਾਈਫਲ ਅਤੇ ਕੁਝ ਵਿਸਫ਼ੋਟਕ ਬਰਾਮਦ ਕੀਤੇ ਹਨ। ਇਹ ਜਾਣਕਾਰੀ ਇਕ ਅਧਿਕਾਰੀ ਨੇ ਐਤਵਾਰ ਨੂੰ ਦਿੱਤੀ। ਗੜ੍ਹਚਿਰੌਲੀ ਦੇ ਪੁਲਸ ਸੁਪਰਡੈਂਟ (ਐੱਸ.ਪੀ.) ਦਫ਼ਤਰ ਵਲੋਂ ਜਾਰੀ ਇਕ ਬਿਆਨ ਅਨੁਸਾਰ, ਗਿਆਰਾਪੱਟੀ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਦੇ ਇਕ ਦਲ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਸ਼ੁੱਕਰਵਾਰ ਨੂੰ ਧਨੋਰਾ ਤਾਲੁਕਾ ਦੇ ਟੀਪਾਗੜ੍ਹ ਜੰਗਲ 'ਚ ਇਕ ਸਾਂਝੀ ਨਕਸਲ ਵਿਰੋਧੀ ਮੁਹਿੰਮ ਚਲਾਈ।
ਬਿਆਨ ਅਨੁਸਾਰ, ਤਲਾਸ਼ੀ ਮੁਹਿੰਮ ਦੌਰਾਨ ਦਲ ਨੂੰ 12 ਬੋਰ ਦੀ ਇਕ ਰਾਈਫ਼ਲ, 2 ਦੇਸੀ ਵਿਸਫ਼ੋਟਕ, ਇਕ ਬੈਨਰ, ਬੂਟ ਅਤੇ ਨਕਸਲੀਆਂ ਦੇ ਹੋਰ ਸਾਮਾਨ ਮਿਲੇ, ਜਿਨ੍ਹਾਂ ਨੂੰ ਪੁਲਸ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਜ਼ਮੀਨ ਹੇਠਾਂ ਲੁਕਾਇਆ ਗਿਆ ਸੀ। ਫਿਲਹਾਲ ਗੜ੍ਹਚਿਰੌਲੀ ਦੇ ਐੱਸ.ਪੀ. ਨੀਲੋਤਪਲ ਨੇ ਜ਼ਿਲ੍ਹੇ 'ਚ ਨਕਸਲ ਵਿਰੋਧੀ ਮੁਹਿੰਮ ਤੇਜ਼ ਕਰ ਦਿੱਤੀ ਹੈ।