ਮਿਰਜ਼ਾਪੁਰ ''ਚ ਪਹਾੜ-ਜੰਗਲ ਕੱਟ ਗੈਰ-ਕਾਨੂੰਨੀ ਪਲਾਟ ਤੇ ਫਾਰਮ ਹਾਊਸ ਵੇਚ ਰਿਹਾ ਹੈ ਭੂ-ਮਾਫੀਆ : ਵਿਨੀਤ ਜੋਸ਼ੀ
Thursday, Feb 19, 2026 - 07:07 PM (IST)
ਚੰਡੀਗੜ੍ਹ : ਖਰੜ ਵਿਧਾਨ ਸਭਾ ਹਲਕੇ ਦੇ ਅਧੀਨ ਮਾਜਰੀ ਬਲਾਕ ਦੇ ਪਿੰਡ ਮਿਰਜ਼ਾਪੁਰ ਵਿੱਚ ਭੂ-ਮਾਫੀਆ ਪਿੰਡ ਦੇ ਪਹਾੜ ਅਤੇ ਜੰਗਲ ਨੂੰ ਸਮਤਲ ਕਰਕੇ, ਪਲਾਟ ਅਤੇ ਫਾਰਮ ਹਾਊਸ ਕੱਟ ਕੇ, ਗੈਰਕਾਨੂੰਨੀ ਤਰੀਕੇ ਨਾਲ ਵੇਚ ਰਿਹਾ ਹੈ। ਇਹ ਕਹਿਣਾ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ ਹੈ, ਜਿਨ੍ਹਾਂ ਨੇ ਪਿੰਡ ਵਾਸੀਆਂ ਦੇ ਬੁਲਾਉਣ ‘ਤੇ ਮਾਜਰੀ ਮੰਡਲ ਪ੍ਰਧਾਨ ਮੋਹਿਤ ਗੌਤਮ ਦੇ ਨਾਲ ਮੌਕੇ ਦਾ ਨਿਰੀਖਣ ਕਰਕੇ ਤਬਾਹ ਕੀਤੇ ਗਏ ਜੰਗਲ ਅਤੇ ਪਹਾੜ ਵੇਖੇ।
ਉਨ੍ਹਾਂ ਕਿਹਾ ਕਿ ਭੂ-ਮਾਫੀਆ ਇੰਨਾ ਦਬੰਗ ਹੈ ਕਿ ਪਹਾੜਾਂ ਨਾਲ ਛੇੜਛਾੜ ‘ਤੇ ਪਾਬੰਦੀ ਹੋਣ ਦੇ ਬਾਵਜੂਦ ਉਹਨਾਂ ਨੂੰ ਕੱਟ ਕੇ ਬਰਸਾਤੀ ਨਾਲ਼ੇ/ਚੋਅ ਵਿੱਚ ਮਿੱਟੀ ਭਰ ਕੇ ਗੈਰਕਾਨੂੰਨੀ ਤੌਰ ‘ਤੇ ਵੇਚੇ ਜਾ ਰਹੇ ਫਾਰਮ ਹਾਊਸਾਂ ਅਤੇ ਪਲਾਟਾਂ ਲਈ ਰਸਤੇ ਤਿਆਰ ਕਰ ਰਿਹਾ ਹੈ। ਇਸ ਕਾਰਵਾਈ ਦੌਰਾਨ ਕੁਦਰਤੀ ਚੋਅ ਦਾ ਰਾਹ ਬਦਲਿਆ ਜਾ ਰਿਹਾ ਹੈ ਅਤੇ ਗੱਡੀਆਂ ਦੀ ਆਵਾਜਾਈ ਲਈ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਗਮਾਡਾ, ਮਾਈਨਿੰਗ, ਫਾਰੈਸਟ, ਜੰਗਲੀ ਜੀਵ ਸੁਰੱਖਿਆ, ਮਾਲ ਮਹਿਕਮਾ, ਪੰਚਾਇਤ ਅਤੇ ਪਿੰਡ ਵਿਕਾਸ, ਪੁਲਸ ਆਦਿ ਸਾਰੇ ਸਰਕਾਰੀ ਵਿਭਾਗਾਂ ਦੀ ਪਰਵਾਹ ਬਿਨਾਂ ਪਹਾੜਾਂ ਅਤੇ ਉਬੜ-ਖਾਬੜ ਜ਼ਮੀਨ ਨੂੰ ਸਮਤਲ ਕਰ ਕੇ ਫਾਰਮ ਹਾਊਸ ਅਤੇ ਪਲਾਟ ਵੇਚੇ ਜਾ ਰਹੇ ਹਨ। ਜੰਗਲੀ ਘਾਹ-ਫੂਸ, ਸਰਕੰਡੇ ਅਤੇ ਦਰੱਖਤ ਕੱਟ ਕੇ ਲੋਹੇ ਦੀ ਜਾਲੀ ਲਗਾ ਕੇ ਜ਼ਮੀਨ ਵੇਚਣ ਲਈ ਤਿਆਰ ਕੀਤੀ ਜਾ ਰਹੀ ਹੈ, ਜਦਕਿ ਸਰਕਾਰੀ ਅਧਿਕਾਰੀ ਚੁੱਪ ਹਨ।
ਜੋਸ਼ੀ ਨੇ ਦੱਸਿਆ ਕਿ ਜਿਸ ਜ਼ਮੀਨ ਦੀ ਵਿਕਰੀ ਕੀਤੀ ਜਾ ਰਹੀ ਹੈ, ਉਹ “ਮੁਸ਼ਤਰਕਾ-ਮਾਲਕਾਨ” ਹੈ, ਅਰਥਾਤ ਅਜਿਹੀ ਜ਼ਮੀਨ ਜੋ ਕਈ ਮਾਲਕਾਂ/ਹਿੱਸੇਦਾਰਾਂ ਦੀ ਸਾਂਝੀ ਮਿਲਕੀਅਤ ਹੁੰਦੀ ਹੈ। ਇਸ ਜ਼ਮੀਨ ਦੇ ਲਗਭਗ 500 ਹਿੱਸੇਦਾਰ ਹਨ ਅਤੇ ਅਜੇ ਤੱਕ ਇਸ ਦਾ ਵਿਧੀਸੰਮਤ ਤਕਸੀਮ (ਵੰਡ) ਨਹੀਂ ਹੋਈ। ਸਰਕਾਰੀ ਰਿਕਾਰਡ ਵਿੱਚ ਇਹ ਸਪਸ਼ਟ ਨਹੀਂ ਕਿ ਕਿਸ ਹਿੱਸੇਦਾਰ ਦਾ ਹਿੱਸਾ ਕਿੱਥੇ ਹੈ।
ਉਨ੍ਹਾਂ ਕਿਹਾ ਕਿ ਪਟਵਾਰੀ, ਕਾਨੂੰਨਗੋ, ਤਹਿਸੀਲਦਾਰ ਅਤੇ ਐੱਸਡੀਐੱਮ ਦੀ ਹਾਜ਼ਰੀ ਵਿੱਚ ਮਾਲ ਵਿਭਾਗ ਵੱਲੋਂ ਜ਼ਮੀਨ ਦੀ ਤਕਸੀਮ ਕਰ ਕੇ ਹਰ ਹਿੱਸੇਦਾਰ ਦੇ ਹਿੱਸੇ ਦੀ ਪਹਿਚਾਣ ਕੀਤੀ ਜਾਂਦੀ ਹੈ, ਜੋ ਅਜੇ ਤੱਕ ਨਹੀਂ ਹੋਈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਬਿਨਾਂ ਕਾਨੂੰਨੀ ਤਕਸੀਮ ਦੇ ਸਿਰਫ਼ ਕਿਸੇ ਇਕ ਹਿੱਸੇਦਾਰ ਤੋਂ ਕਥਿਤ ਖਰੀਦ ਦੇ ਆਧਾਰ ‘ਤੇ ਭੂ-ਮਾਫੀਆ ਜ਼ਮੀਨ ‘ਤੇ ਕਬਜ਼ਾ ਕਿਵੇਂ ਕਰ ਸਕਦਾ ਹੈ?
ਪਿੰਡ ਮਿਰਜ਼ਾਪੁਰ ਦੇ ਵਾਸੀਆਂ ਨੇ ਇਲਾਕੇ ਦੇ ਐੱਸ.ਐੱਚ.ਓ., ਡੀਐੱਸਪੀ, ਐੱਸਐੱਸਪੀ ਆਦਿ ਨੂੰ ਇਸ ਫ੍ਰੌਡ/ਧੋਖਾਧੜੀ ਬਾਰੇ ਸ਼ਿਕਾਇਤ ਦਿੱਤੀ, ਪਰ ਪੰਜਾਬ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜੋਸ਼ੀ ਨੇ ਕਿਹਾ ਕਿ ਡੀਸੀ ਮੋਹਾਲੀ, ਐੱਸਡੀਐੱਮ ਖਰੜ, ਤਹਿਸੀਲਦਾਰ ਮਾਜਰੀ, ਕਾਨੂੰਨਗੋ ਮਾਜਰੀ ਅਤੇ ਪਿੰਡ ਮਿਰਜ਼ਾਪੁਰ ਦੇ ਪਟਵਾਰੀ ਦੀ ਇਸ ਮਾਮਲੇ ‘ਤੇ ਚੁੱਪੀ ਸਾਫ਼ ਦਰਸਾਉਂਦੀ ਹੈ ਕਿ ਸਰਕਾਰੀ ਅਧਿਕਾਰੀਆਂ ਤੇ ਪੰਜਾਬ ਪੁਲਸ ਦੀ ਭੂ-ਮਾਫੀਆ ਨਾਲ ਸਾਂਠ-ਗਾਂਠ ਹੈ। ਜੇ ਅਜਿਹਾ ਨਹੀਂ ਹੈ ਤਾਂ ਸਿਵਲ ਪ੍ਰਸ਼ਾਸਨ ਤੁਰੰਤ ਕਾਰਵਾਈ ਕਰੇ ਅਤੇ ਪਿੰਡ ਵਾਸੀਆਂ ਵੱਲੋਂ 20 ਮਈ 2025 ਨੂੰ ਕੀਤੀ ਗਈ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਭੂ-ਮਾਫੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
