ਲਾਕ ਡਾਊਨ ''ਚ ਵੀਡੀਓ ਕਾਲ ''ਤੇ ''ਨਿਕਾਹ'', ਲਾੜਾ-ਲਾੜੀ ਨੇ ਇਕ-ਦੂਜੇ ਨੂੰ ਕਿਹਾ ''ਕਬੂਲ ਹੈ''

04/04/2020 11:36:39 AM

ਔਰੰਗਾਬਾਦ— ਹੁਣ ਤਕ ਤੁਸੀਂ ਫੋਨ 'ਤੇ 'ਤਿੰਨ ਤਲਾਕ' ਦੇ ਕਈ ਮਾਮਲੇ ਸੁਣੇ ਅਤੇ ਪੜ੍ਹੇ ਹੋਣਗੇ ਪਰ ਹੁਣ ਫੋਨ 'ਤੇ ਨਿਕਾਹ ਵੀ ਹੋ ਰਹੇ ਹਨ। ਦਰਅਸਲ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨੂੰ ਰੋਕਣ ਲਈ ਲਾਏ ਗਏ ਲਾਕ ਡਾਊਨ ਕਾਰਨ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਵੀਡੀਓ ਕਾਲ ਜ਼ਰੀਏ ਇੱਥੇ ਨਿਕਾਹ ਕੀਤਾ ਗਿਆ। ਜਾਣਕਾਰੀ ਮੁਤਾਬਕ ਔਰੰਗਾਬਾਦ ਸਥਿਤ ਇਕ ਇਲਾਕੇ ਵਿਚ ਫੁੱਲਾਂ ਦਾ ਹਾਰ ਪਹਿਨੇ ਲਾੜਾ ਬਣੇ ਮੁਹੰਮਦ ਮਿਨਹਾਜੁਦੀਨ ਦਾ ਨਿਕਾਹ ਹੋਇਆ। ਮਿਨਹਾਜੁਦੀਨ ਦੀ ਹੋਣ ਵਾਲੀ ਪਤਨੀ ਮਹਾਰਾਸ਼ਟਰ ਦੇ ਬੀੜ ਜ਼ਿਲੇ ਤੋਂ ਸੀ। ਲਾਕ ਡਾਊਨ ਦੀ ਵਜ੍ਹਾ ਕਰ ਕੇ ਮਿਨਹਾਜੁਦੀਨ ਆਪਣੀ ਬਾਰਾਤ ਲੈ ਕੇ ਬੀੜ ਨਹੀਂ ਜਾ ਸਕਦਾ ਸੀ, ਇਸ ਲਈ ਉਨ੍ਹਾਂ ਨੇ ਵੀਡੀਓ ਕਾਲ 'ਤੇ ਹੀ ਨਿਕਾਹ ਕਰਨ ਦਾ ਫੈਸਲਾ ਲਿਆ। ਵੀਡੀਓ ਕਾਲ 'ਤੇ ਹੀ ਲਾੜਾ-ਲਾੜੀ ਨੇ ਇਕ-ਦੂਜੇ ਨੂੰ ਕਬੂਲ ਹੈ ਕਿਹਾ। 

ਓਧਰ ਲਾੜੇ ਦੇ ਪਿਤਾ ਮੁਹੰਮਦ ਗਾਯਜ਼ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਇਹ ਨਿਕਾਹ ਤੈਅ ਹੋਇਆ ਸੀ, ਉਸ ਸਮੇਂ ਕੋਰੋਨਾ ਵਾਇਰਸ ਨੂੰ ਲੈ ਕੇ ਕੋਈ ਡਰ ਨਹੀਂ ਸੀ। ਹੁਣ ਲਾਕ ਡਾਊਨ ਕਾਰਨ ਸਾਡੇ ਪਰਿਵਾਰ ਦੇ ਕੁਝ ਖਾਸ ਲੋਕ ਆਪਣੇ ਘਰ 'ਚ ਹੀ ਇਕੱਠੇ ਹੋਏ ਅਤੇ ਫੋਨ 'ਤੇ ਹੀ ਨਿਕਾਹ ਕਰਵਾਇਆ ਗਿਆ। ਨਿਕਾਹ ਦੀਆਂ ਰਸਮਾਂ ਪੂਰੀਆਂ ਕਰਾਉਣ ਵਾਲੇ ਕਾਜ਼ੀ ਮੁਫ਼ਤੀ ਅਨੀਸ ਉਰ ਰਹਿਮਾਨ ਨੇ ਕਿਹਾ ਕਿ ਦੋਹਾਂ ਪਰਿਵਾਰਾਂ 'ਚ ਖੁਸ਼ੀ ਦਾ ਮਾਹੌਲ ਹੈ, ਕਿਉਂਕਿ ਇਹ ਇਕ ਯਾਦਗਾਰੀ ਨਿਕਾਹ ਸੀ, ਜੋ ਕਿ ਘੱਟ ਤੋਂ ਘੱਟ ਖਰਚ ਨਾਲ ਹੋਇਆ ਹੈ।

PunjabKesari

ਦੱਸ ਦੇਈਏ ਕਿ ਲਾਕ ਡਾਊਨ ਕਾਰਨ ਵਿਆਹਾਂ-ਸ਼ਾਦੀਆਂ 'ਤੇ ਵੀ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਈ ਲੋਕ ਘਰਾਂ 'ਚ ਹੀ ਵਿਆਹ ਦੀਆਂ ਰਸਮਾਂ ਨੂੰ ਨਿਭਾ ਰਹੇ ਹਨ। ਦੇਸ਼ 'ਚ ਕੋਰੋਨਾ ਲਗਾਤਾਰ ਵਧਦਾ ਜਾ ਰਿਹਾ ਹੈ, ਹੁਣ ਤਕ ਕੁੱਲ 3082 ਕੇਸ ਸਾਹਮਣੇ ਆ ਚੁੱਕੇ ਹਨ ਅਤੇ 86 ਲੋਕਾਂ ਦੀ ਮੌਤ ਹੋ ਚੁੱਕੀ ਹੈ।


Tanu

Content Editor

Related News