ਵਿਦਿਆਰਥਣ ਨੇ ਕੀਤੀ ਸ਼ਿਕਾਇਤ ਤਾਂ ਮੰਤਰੀ ਨੇ ਖ਼ੁਦ ਸਰਕਾਰੀ ਸਕੂਲ ਦਾ ਪਖ਼ਾਨਾ ਕੀਤਾ ਸਾਫ਼

Saturday, Dec 18, 2021 - 11:15 AM (IST)

ਵਿਦਿਆਰਥਣ ਨੇ ਕੀਤੀ ਸ਼ਿਕਾਇਤ ਤਾਂ ਮੰਤਰੀ ਨੇ ਖ਼ੁਦ ਸਰਕਾਰੀ ਸਕੂਲ ਦਾ ਪਖ਼ਾਨਾ ਕੀਤਾ ਸਾਫ਼

ਗਵਾਲੀਅਰ— ਮੱਧ ਪ੍ਰਦੇਸ਼ ਦੇ ਊਰਜਾ ਮੰਤਰੀ ਪ੍ਰਦੂਮਨ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਇਕ ਸਰਕਾਰੀ ਸਕੂਲ ਦੇ ਪਖ਼ਾਨੇ ਦੀ ਸਫ਼ਾਈ ਕਰ ਕੇ ਸਵੱਛਤਾ ਦਾ ਸੰਦੇਸ਼ ਦਿੱਤਾ। ਦਰਅਸਲ ਮੰਤਰੀ ਪ੍ਰਦੂਮਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਚ ਦਾ ਨਿਰੀਖਣ ਕਰਨ ਪੁੱਜੇ ਸਨ। ਇੱਥੇ ਉਨ੍ਹਾਂ ਨੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਇਕ ਵਿਦਿਆਰਥਣ ਨੇ ਮੰਤਰੀ ਨੂੰ ਦੱਸਿਆ ਕਿ ਸਕੂਲ ਦਾ ਪਖ਼ਾਨਾ ਕਾਫੀ ਗੰਦਾ ਹੈ। ਇਸ ਦੇ ਚੱਲਦੇ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

PunjabKesari

ਇੰਨਾ ਸੁਣਦੇ ਹੀ ਮੰਤਰੀ ਸਿੱਧੇ ਪਖ਼ਾਨੇ ਵਿਚ ਪਹੁੰਚ ਗਏ ਅਤੇ ਬਿਨਾਂ ਕੋਈ ਸਮਾਂ ਗੁਆਏ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਹੀ ਪਖ਼ਾਨੇ ਦੀ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਪੂਰੇ ਪਖ਼ਾਨੇ ਨੂੰ ਚੰਗੇ ਤਰੀਕੇ ਨਾਲ ਸਾਫ਼ ਕੀਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਜਨਤਕ ਪਖ਼ਾਨਿਆਂ ਦੀ ਸਫ਼ਾਈ ਕਰਦੇ ਅਤੇ ਸੜਕ ’ਤੇ ਝਾੜੂ ਲਾਉਂਦੇ ਨਜ਼ਰ ਆ ਚੁੱਕੇ ਹਨ।

PunjabKesari

ਮੰਤਰੀ ਪ੍ਰਦੂਮਨ ਸਿੰਘ ਤੋਮਰ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਕ ਵਿਦਿਆਰਥਣ ਨੇ ਮੈਨੂੰ ਕਿਹਾ ਕਿ ਸਕੂਲ ਵਿਚ ਪਖ਼ਾਨਿਆਂ ਵਿਚ ਸਾਫ਼-ਸਫ਼ਾਈ ਨਹੀਂ ਹੈ, ਜਿਸ ਨਾਲ ਵਿਦਿਆਰਥਣਾਂ ਨੂੰ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ 30 ਦਿਨ ਸਵੱਛਤਾ ਦਾ ਸੰਕਲਪ ਲਿਆ ਹੈ ਅਤੇ ਮੈਂ ਹਰ ਦਿਨ ਕਿਸੇ ਨਾ ਕਿਸੇ ਸੰਸਥਾ ਵਿਚ ਜਾਵਾਂਗਾ ਅਤੇ ਇਸ ਨੂੰ ਸਾਫ਼ ਕਰਾਂਗਾ। ਮੈਂ ਚਾਹੁੰਦਾ ਹਾਂ ਕਿ ਸਵੱਛਤਾ ਦਾ ਸੰਦੇਸ਼ ਸਾਰੇ ਲੋਕਾਂ ਤੱਕ ਪਹੁੰਚੇ। ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਤਾਂ ਕਿ ਸਵੱਛਤਾ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਸਾਫ਼-ਸਫ਼ਾਈ ਰੱਖਣ ਦੀ ਅਪੀਲ ਕਰਨ ਦੇ ਨਾਲ ਹੀ ਨਗਰ-ਨਿਗਮ ਦੇ ਅਧਿਕਾਰੀਆਂ ਨੂੰ ਸਕੂਲਾਂ ਦੇ ਪਖ਼ਾਨਿਆਂ ਨੂੰ ਰੋਜ਼ਾਨਾ ਸਾਫ਼ ਰੱਖਣ ਦੇ ਵੀ ਨਿਰਦੇਸ਼ ਦਿੱਤੇ।


author

Tanu

Content Editor

Related News