ਪਤਨੀ ਨੇ ਸਹੁਰੇ ਜਾਣ ਤੋਂ ਕੀਤਾ ਇਨਕਾਰ ਤਾਂ ਗੁੱਸੇ ’ਚ ਆਏ ਪਤੀ ਨੇ ਕਰ ਦਿੱਤਾ ਵੱਡਾ ਕਾਂਡ
Wednesday, Sep 23, 2020 - 06:26 PM (IST)

ਦਾਮੋਹ— ਮੱਧ ਪ੍ਰਦੇਸ਼ ਦੇ ਦਾਮੋਹ ’ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਆਪਣੇ ਸਹੁਰੇ ਅਤੇ ਸਾਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦਕਿ ਉਸ ਦੀ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੇ ਪਿੱਛੇ ਦੀ ਵਜ੍ਹਾ ਸੀ ਕਿ ਪਤਨੀ ਸਹੁਰੇ ਘਰ ਜਾਣ ਤੋਂ ਇਨਕਾਰ ਕਰ ਰਹੀ ਸੀ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਪੁਲਸ ਨੇ ਦੋਸ਼ੀ ਪਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਸ ਮੁੁਤਾਬਕ ਦਾਮੋਹ ਜ਼ਿਲ੍ਹੇ ਦੇ ਹਟਾ ਥਾਣਾ ਖੇਤਰ ਦੇ ਸਨਕੁਈਆ ਪਿੰਡ ਵਿਚ ਵਾਪਰੀ। ਦਰਅਸਲ ਸਨਕੁਈਆ ਪਿੰਡ ਦੀ ਰਹਿਣ ਵਾਲੀ ਜਿੱਥੇ ਮੁੰਨੀ ਲਾਲ ਅਹੀਰਵਾਲ ਦੀ ਧੀ ਦਰੌਪਦੀ ਦਾ ਵਿਆਹ ਇਕ ਸਾਲ ਪਹਿਲਾਂ ਪੰਨਾ ਜ਼ਿਲ੍ਹੇ ਦੇ ਸਿਮਰੀਆ ਥਾਣੇ ਦੇ ਇਕ ਪਿੰਡ ਹੋਇਆ ਸੀ। ਵਿਆਹ ਮਗਰੋਂ ਲੜਾਈ ਝਗੜੇ ਕਾਰਨ ਦਰੌਪਦੀ ਆਪਣੇ ਪੇਕੇ ਸਨਕੁਈਆ ’ਚ ਰਹਿ ਰਹੀ ਸੀ। ਪਤੀ ਕਈ ਵਾਰ ਪਤਨੀ ਨੂੰ ਲੈਣ ਆਇਆ ਅਤੇ ਜਦੋਂ ਉਹ ਨਹੀਂ ਗਈ ਤਾਂ ਮੰਗਲਵਾਰ ਦੇਰ ਰਾਤ ਉਸ ਨੇ ਇਸ ਖ਼ੌਫਨਾਕ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਸਨਕੀ ਪਤੀ ਨੇ ਆਪਣੇ ਸਹੁਰੇ ਮੁੰਨੀ ਲਾਲ, ਪਤਨੀ ਦਰੌਪਦੀ ਅਤੇ ਸਾਲੀ ਅਨੀ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸਹੁਰਾ ਅਤੇ ਸਾਲੀ ਦੀ ਮੌਤ ਹੋ ਗਈ। ਜਦਕਿ ਦਰੌਪਦੀ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਸ ਦੋਹਰੇ ਕਤਲਕਾਂਡ ਤੋਂ ਬਾਅਦ ਇਲਾਕੇ ਵਿਚ ਫੈਲੀ ਸਨਸਨੀ ਤੋਂ ਬਾਅਦ ਜ਼ਿਲ੍ਹੇ ਦੇ ਐੱਸ. ਪੀ. ਅਤੇ ਐਡੀਸ਼ਨਲ ਐੱਸ. ਪੀ. ਮੌਕੇ ’ਤੇ ਪੁੱਜੇ ਅਤੇ ਦੋਸ਼ੀ ਨੂੰ ਗਿ੍ਰਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ। ਦੋਸ਼ੀ ਪਤੀ ਬੂਟੀਆ ਨੂੰ ਪੁਲਸ ਨੇ ਗਿ੍ਰਫ਼ਤਾਰ ਕਰ ਲਿਆ ਹੈ।