ਗਲਵਾਨ ਘਾਟੀ ''ਚ ਸ਼ਹੀਦ ਹੋਏ ਫੌਜੀਆਂ ਦੇ ਨਾਂ ਰਾਸ਼ਟਰੀ ਸਮਰ ਸਮਾਰਕ ''ਤੇ ਲਿਖੇ ਜਾਣਗੇ
Thursday, Jul 30, 2020 - 04:18 PM (IST)
ਨਵੀਂ ਦਿੱਲੀ- ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਝੜਪ 'ਚ ਸ਼ਹੀਦ ਹੋਏ 20 ਭਾਰਤੀ ਫੌਜ ਕਰਮੀਆਂ ਦੇ ਨਾਂ ਇੱਥੇ ਰਾਸ਼ਟਰੀ ਸਮਰ ਸਮਾਰਕ 'ਤੇ ਲਿਖੇ ਜਾਣਗੇ। ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਮਾਰਕ 'ਤੇ ਫੌਜ ਕਰਮੀਆਂ ਦੇ ਨਾਂਵਾਂ ਨੂੰ ਉਕਰੇ (ਲਿਖੇ) ਜਾਣ ਦੀ ਪ੍ਰਕਿਰਿਆ 'ਚ ਕੁਝ ਮਹੀਨੇ ਲੱਗਣਗੇ। ਪਿਛਲੇ 5 ਦਹਾਕਿਆਂ 'ਚ ਹੋਏ ਸਭ ਤੋਂ ਵੱਡੇ ਫੌਜ ਟਕਰਾਅ 'ਚ 15 ਜੂਨ ਦੀ ਰਾਤ ਗਲਵਾਨ ਘਾਟੀ 'ਚ ਚੀਨੀ ਅਤੇ ਭਾਰਤੀ ਫੌਜੀਆਂ ਦਰਮਿਆਨ ਹਿੰਸਕ ਝੜਪ ਹੋਈ ਸੀ। ਝੜਪ 'ਚ 16ਵੀਂ ਬਿਹਾਰ ਰੇਜੀਮੈਂਟ ਦੇ ਕਮਾਂਡਿੰਗ ਅਧਿਕਾਰੀ ਕਰਨਲ ਬੀ. ਸੰਤੋਸ਼ ਬਾਬੂ ਸਮੇਤ ਹੋਰ ਫੌਜ ਕਰਮੀ ਸ਼ਹੀਦ ਹੋ ਗਏ ਸਨ।
ਇਸ ਘਟਨਾ ਤੋਂ ਬਾਅਦ ਪੂਰਬੀ ਲੱਦਾਖ 'ਚ ਸਰਹੱਦ 'ਤੇ ਤਣਾਅ ਵੱਧ ਗਿਆ ਅਤੇ ਭਾਰਤ ਨੇ ਇਸ ਨੂੰ 'ਚੀਨ ਵਲੋਂ ਸੋਚੀ-ਸਮਝੀ ਅਤੇ ਯੋਜਨਾਬੱਧ ਕਾਰਵਾਈ' ਦੱਸਿਆ ਸੀ। ਗਲਵਾਨ ਘਾਟੀ 'ਚ ਪੈਟਰੋਲਿੰਗ ਪੁਆਇੰਟ 14 ਕੋਲ ਚੀਨ ਵਲੋਂ ਨਿਗਰਾਨੀ ਚੌਕੀ ਬਣਾਏ ਜਾਣ 'ਤੇ ਵਿਰੋਧ ਤੋਂ ਬਾਅਦ ਚੀਨੀ ਫੌਜੀਆਂ ਨੇ ਪੱਥਰਾਂ, ਨੁਕੀਲੇ ਹਥਿਆਰਾਂ, ਲੋਹੇ ਦੀਆਂ ਛੜਾਂ ਆਦਿ ਨਾਲ ਭਾਰਤੀ ਫੌਜੀਆਂ 'ਤੇ ਹਮਲਾ ਕੀਤਾ। ਚੀਨ ਨੇ ਝੜਪ 'ਚ ਹਤਾਹਤ ਹੋਏ ਆਪਣੇ ਫੌਜੀਆਂ ਦੀ ਗਿਣਤੀ ਬਾਰੇ ਨਹੀਂ ਦੱਸਿਆ ਸੀ। ਹਾਲਾਂਕਿ ਅਮਰੀਕਾ ਦੀ ਇਕ ਖੁਫੀਆ ਰਿਪੋਰਟ ਅਨੁਸਾਰ ਚੀਨੀ ਪੱਖ ਦੇ 35 ਫੌਜੀ ਹਤਾਹਤ ਹੋਏ। ਪੂਰਬੀ ਲੱਦਾਖ 'ਚ 17 ਜੁਲਾਈ ਨੂੰ ਲੁਕੁੰਗ ਮੋਹਰੀ ਚੌਕੀ ਦੇ ਦੌਰੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨੀ ਫੌਜੀਆਂ ਨਾਲ ਲੜਾਈ 'ਚ ਬਹਾਦਰੀ ਅਤੇ ਵੀਰਤਾ ਦਿਖਾਉਣ ਲਈ ਬਿਹਾਰ ਰੇਜੀਮੈਂਟ ਦੇ ਫੌਜੀਆਂ ਦੀ ਸ਼ਲਾਘਾ ਕੀਤੀ ਸੀ। ਰੱਖਿਆ ਮੰਤਰੀ ਨੇ ਫੌਜੀਆਂ ਨੂੰ ਆਪਣੇ ਸੰਬੋਧਨ 'ਚ ਕਿਹਾ ਕਿ ਗਲਵਾਨ ਘਾਟੀ 'ਚ ਸ਼ਹੀਦ ਹੋਏ ਭਾਰਤੀ ਫੌਜ ਕਰਮੀਆਂ ਨੇ ਨਾ ਸਿਰਫ਼ ਅਦਭੁੱਤ ਬਹਾਦਰੀ ਦਿਖਾਈ ਸਗੋਂ 130 ਕਰੋੜ ਭਾਰਤੀਆਂ ਦੇ ਮਾਣ ਦੀ ਵੀ ਰੱਖਿਆ ਕੀਤੀ।