ਭਾਜਪਾ ਚੱਲ ਰਹੀ ਹੈ ਚਾਲਾਂ, ਕੁਮਾਰਸੁਆਮੀ ਨੇ ਜਾਰੀ ਕੀਤਾ ਆਡੀਓ ਕਲਿੱਪ

02/08/2019 4:09:21 PM

ਬੇਂਗਲੁਰ-ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਭਾਜਪਾ 'ਤੇ ਉਨ੍ਹਾਂ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ। ਉਨ੍ਹਾਂ 2 ਆਡੀਓ ਕਲਿਪ ਜਾਰੀ ਕੀਤੇ, ਜਿਨ੍ਹਾਂ 'ਚ ਭਾਜਪਾ ਨੇਤਾ ਯੇਦੀਯੁਰੱਪਾ ਜਨਤਾ ਦਲ (ਐੱਸ) ਦੇ ਇਕ ਵਿਧਾਇਕ ਨਾਗਨ ਗੌੜਾ ਨੂੰ ਕਥਿਤ ਤੌਰ 'ਤੇ ਲਾਲਚ ਦੇਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਣਕਾਰੀ 'ਚ ਹੋ ਰਿਹਾ ਹੈ।

ਰਿਪੋਰਟ ਮੁਤਾਬਕ ਕਰਨਾਟਕ ਵਿਧਾਨ ਸਭਾ 'ਚ ਬਜਟ ਪੇਸ਼ ਹੋਣ ਤੋਂ ਪਹਿਲਾਂ ਬੇਹੱਦ ਕਾਹਲੀ 'ਚ ਸੱਦੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੁਮਾਰ ਸਵਾਮੀ ਨੇ ਉਕਤ 2 ਆਡੀਓ ਕਲਿਪ ਜਾਰੀ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਯੇਦੀਯੁਰੱਪਾ ਨੇ ਨਾਗਨ ਗੌੜਾ ਦੇ ਪੁੱਤਰ ਸ਼ਰਨ ਗੌੜਾ ਨੂੰ ਸ਼ੁੱਕਰਵਾਰ ਤੜਕੇ ਫੋਨ ਕਰ ਕੇ ਉਨ੍ਹਾਂ ਦੇ ਪਿਤਾ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ। ਮੋਦੀ ਕੋਲੋਂ ਇਸ ਮਾਮਲੇ 'ਚ ਸਪੱਸ਼ਟੀਕਰਨ ਮੰਗਦੇ ਹੋਏ ਕੁਮਾਰ ਸਵਾਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਾਣਕਾਰੀ ਤੋਂ ਬਿਨਾਂ ਅਜਿਹਾ ਕਰਨਾ ਸੰਭਵ ਨਹੀਂ।

ਉਨ੍ਹਾਂ ਮੋਦੀ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਯੋਜਨਾ ਨੂੰ ਲੈ ਕੇ ਸੰਸਦ ਅਤੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ। ਕਰਨਾਟਕ ਦੇ 44 ਲੱਖ ਕਿਸਾਨਾਂ 'ਚੋਂ ਹੁਣ ਤਕ ਸਿਰਫ 5 ਹਜ਼ਾਰ ਕਿਸਾਨਾਂ ਦੇ ਕਰਜ਼ੇ ਮੁਆਫ ਹੋਏ ਹਨ।

ਯੇਦੀਯੁਰੱਪਾ ਨੇ ਆਡੀਓ ਕਲਿਪ ਨੂੰ ਦੱਸਿਆ ਫਰਜ਼ੀ-
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਨੇ ਕੁਮਾਰ ਸਵਾਮੀ ਵਲੋਂ ਜਾਰੀ ਕੀਤੇ ਗਏ ਆਡੀਓ ਕਲਿਪ ਨੂੰ ਫਰਜ਼ੀ ਦੱਸਦਿਆਂ ਕੁਮਾਰ ਸਵਾਮੀ ਵਲੋਂ ਆਡੀਓ ਟੇਪ ਦੇ ਹਵਾਲੇ ਨਾਲ ਕੀਤੇ ਗਏ ਸਭ ਦਾਅਵਿਆਂ ਨੂੰ ਰੱਦ ਕੀਤਾ।


Iqbalkaur

Content Editor

Related News