ਕਸ਼ਮੀਰ 'ਚ ਸ਼ਹੀਦਾਂ ਦੀ ਅੰਤਿਮ ਯਾਤਰਾ ਰਹੀ ਭਾਵੁਕ, ਲੱਗੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ

02/13/2018 9:05:13 PM

ਸ਼੍ਰੀਨਗਰ—ਸੁੰਜਵਾਂ ਫੌਜੀ ਕੈਂਪ 'ਤੇ ਕੁੱਝ ਦਿਨ ਪਹਿਲਾਂ ਹੋਏ ਅੱਤਵਾਦੀ ਹਮਲੇ 'ਚ 6 ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦੀ ਅੰਤਿਮ ਯਾਤਰਾ 'ਚ ਹਜ਼ਾਰਾਂ ਲੋਕਾਂ ਨੇ ਸ਼ਾਮਲ ਹੋ ਕੇ ਉਨ੍ਹਾ ਨੂੰ ਸ਼ਰਧਾਂਜਲੀ ਦਿੱਤੀ। ਇਨ੍ਹਾਂ ਸ਼ਹੀਦਾਂ ਦੀ ਅੰਤਿਮ ਯਾਤਰਾ ਕਾਫੀ ਭਾਵੁਕ ਰਹੀ।  
ਦੱਖਣੀ ਕਸ਼ਮੀਰ 'ਚ ਪੁਲਵਾਮਾ ਜ਼ਿਲੇ ਦੇ ਤਰਾਲ ਸ਼ਹਿਰ ਜਿਸ ਨੂੰ ਅੱਤਵਾਦੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, 'ਚ ਇਕ ਫੌਜੀ ਅਤੇ ਉਸ ਦੇ ਪਿਤਾ ਦੀ ਅੰਤਿਮ ਯਾਤਰਾ 'ਚ ਹਜ਼ਾਰਾਂ ਲੋਕ ਸ਼ਾਮਲ ਹੋਏ। ਲਾਂਸ ਨਾਇਕ ਮੁਹੰਮਦ ਇਕਬਾਲ ਸ਼ੇਖ ਅਤੇ ਉਸ ਦੇ ਪਿਤਾ ਗੁਲਾਮ ਮੋਹੀ ਉਦੀਨ ਦੀ ਬੀਤੇ ਸ਼ਨੀਵਾਰ ਨੂੰ  ਜੰਮੂ ਤੋਂ 11 ਕਿ. ਮੀ. ਦੂਰ ਸੁੰਜਵਾਂ ਫੌਜੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ 'ਚ ਮੌਤ ਹੋ ਗਈ ਸੀ। ਪਿਤਾ ਅਤੇ ਪੁੱਤਰ ਦੀ ਲਾਸ਼ਾਂ ਨੂੰ ਸੁੰਜਵਾਂ ਤੋਂ ਬਾਦਾਮੀਬਾਗ ਫੌਜ ਦੇ ਮੁੱਖ ਦਫਤਰ ਸ਼੍ਰੀਨਗਰ ਤੋਂ ਏਅਰਲਿਫਟ ਰਾਹੀ ਲਿਆਂਦਾ ਗਿਆ, ਜਿਥੇ ਫੌਜ ਨੇ ਇਨ੍ਹਾਂ ਦੋਵਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਲਾਸ਼ਾਂ ਸੌਂਪ ਦਿੱਤੀਆਂ ਗਈਆਂ। ਇਸ ਦੌਰਾਨ ਤਰਾਲ ਸ਼ਹਿਰ ਦੇ ਨਿਗੀਨਪੁਰਾ ਪਿੰਡ 'ਚ ਹਜ਼ਾਰਾਂ ਲੋਕ ਇੱਕਠੇ ਹੋਏ ਅਤੇ ਇਕਬਾਲ ਤੇ ਉਸ ਦੇ ਪਿਤਾ ਦੀ ਅੰਤਿਮ ਯਾਤਰਾ 'ਚ ਸ਼ਾਮਲ ਹੋਏ।
ਇਨ੍ਹਾਂ ਤੋਂ ਇਲਾਵਾ ਮੁਹੰਮਦ ਅਸ਼ਰਫ ਮੀਰ ਦੀ ਅੰਿਤਮ ਯਾਤਰਾ ਅੱਜ ਜਦੋਂ ਉਸ ਦੇ ਘਰ ਕੁਪਵਾੜਾ 'ਚੋਂ ਕੱਢੀ ਗਈ ਤਾਂ ਨੇੜਲੇ ਪਿੰਡਾਂ 'ਚੋਂ ਹਜ਼ਾਰਾਂ ਲੋਕਾਂ ਦਾ ਇਕੱਠ ਸੜਕਾਂ 'ਤੇ ਉਤਰ ਆਇਆ। ਇਸ ਤੋਂ ਇਲਾਵਾ ਅਨੰਤਨਾਗ ਅਤੇ ਸੁੰਜਵਾਂ ਹਮਲੇ 'ਚ ਸ਼ਹੀਦ ਹੋਏ ਬਾਕੀ ਫੌਜੀਆਂ ਦੇ ਪਿੰਡਾਂ 'ਚ ਉਨ੍ਹਾਂ ਦੀ ਅੰਤਿਮ ਯਾਤਰਾਂ 'ਚ ਹਜ਼ਾਰਾਂ ਲੋਕਾਂ ਨੇ ਸ਼ਾਮਲ ਹੋ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸ਼ਹੀਦਾਂ ਦੇ ਪਰਿਵਾਰਕ ਮੈਂਬਰ, ਦੋਸਤ, ਰਿਸ਼ਤੇਦਾਰ, ਗੁਆਂਢੀ ਅਤੇ ਹੋਰ ਸੱਜਣ-ਮਿੱਤਰ ਰੋਂਦੇ ਕੁਰਲਾਉਂਦੇ ਦਿਸੇ। ਇਸ ਦੌਰਾਨ ਸ਼ਹੀਦਾਂ ਦੇ ਬਲੀਦਾਨ 'ਤੇ ਲੋਕਾਂ ਨੇ ਪਾਕਿਸਤਾਨ ਖਿਲਾਫ ਗੁੱਸਾ ਪ੍ਰਗਟ ਕੀਤਾ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ। ਕੁਪਵਾੜਾ ਦੇ ਲੋਕਾਂ ਨੇ ਆਪਣੇ ਜਵਾਨ ਦੀ ਸ਼ਹਾਦਤ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ। 


Related News