ਕੰਟਰੋਲ ਰੇਖਾ ਪਾਰ ਘੁਸਪੈਠ ਦੀ ਫਿਰਾਕ ''ਚ ਹਨ 70 ਅੱਤਵਾਦੀ : ਜੰਮੂ ਕਸ਼ਮੀਰ ਦੇ DGP
Sunday, Jun 02, 2024 - 12:40 PM (IST)
ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਰਸ਼ਮੀ ਰੰਜਨ ਸਵੈਨ ਅਨੁਸਾਰ ਕੰਟਰੋਲ ਰੇਖਾ (ਐੱਲ.ਓ.ਸੀ.) ਪਾਰ ਸਥਿਤ 'ਲਾਂਚ ਪੈਡ' 'ਤੇ ਸਰਗਰਮ ਲਗਭਗ 60 ਤੋਂ 70 ਅੱਤਵਾਦੀ ਭਾਰਤ 'ਚ ਘੁਸਪੈਠ ਦੀ ਫਿਰਾਕ 'ਚ ਹਨ। ਇਸ ਦੇ ਨਾਲ ਹੀ ਸਵੈਨ ਨੇ ਕਿਹਾ ਕਿ ਘੱਟਦੀ ਸਮਰੱਥਾ ਦੇ ਬਾਵਜੂਦ ਪਾਕਿਸਤਾਨ ਜੰਮੂ ਕਸ਼ਮੀਰ ਦੇ ਲੋਕਾਂ ਅਤੇ ਸਮੱਗਰੀ ਭੇਜਣ ਤੋਂ ਬਾਜ਼ ਨਹੀਂ ਆ ਰਿਹਾ ਹੈ। ਸਰਹੱਦੀ ਇਲਾਕਿਆਂ 'ਚ ਮੌਜੂਦਾ ਸੁਰੱਖਿਆ ਹਾਲਾਤ ਦੇ ਮੁਲਾਂਕਣ ਤੋਂ ਜਾਣੂ ਕਰਵਾਉਣ ਦੇ ਨਾਲ ਡਰੋਨ ਰਾਹੀਂ ਹਥਿਆਰ ਸਮੇਤ ਹੋਰ ਸਮੱਗਰੀ ਸੁੱਟੇ ਜਾਣ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਸਵੈਨ ਨੇ ਕਿਹਾ ਕਿ ਭਾਰਤੀ ਸੁਰੱਖਿਆ ਕਰਮੀਆਂ ਦੀ ਦ੍ਰਿੜ ਵਚਨਬੱਧਤਾ ਕਾਰਨ ਦੁਸ਼ਮਣ ਦਾ ਸਫ਼ਲ ਹੋਣਾ ਬਹੁਤ ਮੁਸ਼ਕਲ ਹੈ। ਜੰਮੂ ਕਸ਼ਮੀਰ ਪੁਲਸ ਅਤੇ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਦਾ ਦੋਹਰਾ ਅਹੁਦਾ ਸੰਭਾਲ ਰਹੇ ਸਵੈਨ ਨੇ ਕਿਹਾ,''ਸਾਡੇ ਸੁਰੱਖਿਆ ਸਾਂਝੇਦਾਰਾਂ ਨਾਲ ਬੈਠਕਾਂ 'ਚ ਅਸੀਂ ਆਮ ਤੌਰ 'ਤੇ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਇਹ ਇਕ ਤੱਥ ਹੈ ਕਿ ਵਿਰੋਧੀ ਜਾਂ ਦੁਸ਼ਮਣ ਨੇ ਲੋਕਾਂ ਅਤੇ ਸਮੱਗਰੀ ਨੂੰ ਭੇਜਣ 'ਤੇ ਰੋਕ ਨਹੀਂ ਲਗਾਈ ਹੈ।''
ਉਨ੍ਹਾਂ ਨੇ ਖੇਤਰ 'ਚ ਪੱਛਮੀ ਗੁਆਂਢੀ ਦੇਸ਼ ਤੋਂ ਆਏ ਵਿਦੇਸ਼ੀ ਅੱਤਵਾਦੀਆਂ ਦੀ ਮੌਜੂਦਗੀ ਦਾ ਵੀ ਜ਼ਿਕਰ ਕੀਤਾ। ਇਨ੍ਹਾਂ ਕੋਸ਼ਿਸ਼ਾਂ ਦਾ ਮੁਕਾਬਲਾ ਕਰਨ 'ਚ ਕੁਝ ਸਫ਼ਲਤਾ ਮਿਲਣ ਦੀ ਗੱਲ ਨੂੰ ਸਵੀਕਾਰ ਕਰਦੇ ਹੋਏ ਸਵੈਨ ਨੇ ਕਿਹਾ ਕਿ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਖੇਤਰ ਨੂੰ ਅਸਥਿਰ ਕਰਨ ਦੀ ਦੁਸ਼ਮਣ ਦੀ ਸਮਰੱਥਾ ਨੂੰ ਹੋਰ ਘੱਟ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ,''ਮੈਂ ਕਹਾਂਗਾ ਕਿ ਦੁਸ਼ਮਣ ਦਾ ਇਰਾਦਾ ਉਹੀ ਹੈ, ਸਮਰੱਥਾ ਯਕੀਨੀ ਰੂਪ ਨਾਲ ਘੱਟ ਹੋਈ ਹੈ ਪਰ ਕਦੇ ਵਿਵਸਥਾ ਨੂੰ ਹਿਲਾ ਦੇਣ ਅਤੇ ਤੁਹਾਨੂੰ ਅਸਥਿਰ ਕਰਨ ਦੀ ਸਮਰੱਥਾ ਉਸ 'ਚ ਅਜੇ ਵੀ ਮੌਜੂਦ ਹੈ।'' ਸਵੈਨ ਨੇ ਕਿਹਾ ਕਿ ਵੱਖ-ਵੱਖ ਥਾਵਾਂ 'ਤੇ 5 ਜਾਂ 6 ਸਮੂਹਾਂ 'ਚ ਲਗਭਗ 60-70 ਲੋਕ ਸਾਡੇ ਵੱਲ ਭੇਜੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ। ਫ਼ੌਜ, ਅਰਧ ਸੈਨਿਕ ਫ਼ੋਰਸਾਂ ਅਤੇ ਜੰਮੂ ਕਸ਼ਮੀਰ ਪੁਲਸ ਵਿਚਾਲੇ ਤਾਲਮੇਲ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ,''ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ ਕਿ ਅਸੀਂ ਦੁਸ਼ਮਣ ਦੀ ਸਫ਼ਲਤਾ ਨੂੰ ਮੁਸ਼ਕਲ ਬਣਾ ਦੇਵਾਂਗੇ। ਡਰੋਨ ਸੁੱਟੇ ਜਾਣ ਦੇ ਮੁੱਦੇ 'ਤੇ ਸਵੈਨ ਨੇ ਕਿਹਾ ਕਿ ਇਹ ਗਤੀਵਿਧੀਆਂ ਇਕ ਮਹੱਤਵਪੂਰਨ ਚੁਣੌਤੀ ਪੇਸ਼ ਕਰਦੀਆਂ ਹਨ, ਕਿਉਂਕਿ ਇਹ ਹਥਿਆਰ, ਗੋਲਾ-ਬਾਰੂਦ, ਵਿਸਫ਼ੋਟਕ, ਨਕਦੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਸੌਖਾ ਬਣਾਉਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e