ਜੇਤਲੀ ਨੇ ਮੰਤਰੀ ਬਣਨ ਤੋਂ ਕੀਤਾ ਇਨਕਾਰ, ਖਰਾਬ ਸਿਹਤ ਦਾ ਦਿੱਤਾ ਹਵਾਲਾ
Wednesday, May 29, 2019 - 02:07 PM (IST)

ਨਵੀਂ ਦਿੱਲੀ — ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਮੋਦੀ ਸਰਕਾਰ ਦੇ ਮੰਤਰੀ ਮੰਡਲ ਵਿਚ ਕੋਈ ਵੀ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜੇਤਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਹ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਨਵੀਂ ਸਰਕਾਰ 'ਚ ਕੋਈ ਵੀ ਜ਼ਿੰਮੇਦਾਰੀ ਨਾ ਦਿੱਤੀ ਜਾਵੇ। ਜੇਤਲੀ ਨੇ ਲਿਖਿਆ ਕਿ ਮੈਂ ਤੁਹਾਡੇ(ਨਰਿੰਦਰ ਮੋਦੀ) ਨੂੰ ਰਸਮੀ ਤੌਰ 'ਤੇ ਬੇਨਤੀ ਕਰਨ ਲਈ ਪੱਤਰ ਲਿਖ ਰਿਹਾ ਹਾਂ ਕਿ ਮੈਨੂੰ ਆਪਣੇ ਲਈ, ਮੇਰੇ ਇਲਾਜ ਅਤੇ ਮੇਰੀ ਸਿਹਤ ਲਈ ਲੋੜੀਂਦਾ ਸਮੇਂ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਇਸ ਲਈ ਮੈਂ ਨਵੀਂ ਸਰਕਾਰ ਵਿਚ ਕਿਸੇ ਵੀ ਜ਼ਿੰਮੇਦਾਰੀ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਜ਼ਿਕਰਯੋਗ ਹੈ ਕਿ ਜੇਤਲੀ ਗੰਭੀਰ ਰੂਪ ਨਾਲ ਬੀਮਾਰ ਚਲ ਰਹੇ ਹਨ ਅਤੇ ਇਲਾਜ ਲਈ ਉਨ੍ਹਾਂ ਨੂੰ ਅਮਰੀਕਾ ਵੀ ਜਾਣਾ ਪੈ ਰਿਹਾ ਹੈ।
ਮੋਦੀ ਸਰਕਾਰ ਦੀ ਦੂਜੀ ਵਾਰ ਸੱਤਾ 'ਚ ਵਾਪਸੀ ਦੇ ਬਾਅਦ ਅੰਦਾਜ਼ ਲਗਾਇਆ ਜਾ ਰਿਹਾ ਸੀ ਕਿ ਜੇਤਲੀ ਦੀ ਖਰਾਬ ਸਿਹਤ ਦੇ ਕਾਰਨ ਉਨ੍ਹਾਂ ਨੂੰ ਵਿੱਤ ਮੰਤਰਾਲੇ ਦੀ ਥਾਂ ਕੋਈ ਅਜਿਹਾ ਮੰਤਰਾਲਾ ਦਿੱਤਾ ਜਾ ਸਕਦਾ ਹੈ, ਜਿਥੇ ਉਨ੍ਹਾਂ ਨੂੰ ਕੁਝ ਅਰਾਮ ਰਹੇ ਪਰ ਹੁਣ ਉਨ੍ਹਾਂ ਨੇ ਖੁਦ ਹੀ ਕੋਈ ਵੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਫਰਵਰੀ ਵਿਚ ਆਪਣਾ ਅੰਤਰਿਮ ਬਜਟ ਪੇਸ਼ ਕੀਤਾ ਸੀ। ਉਸ ਦੌਰਾਨ ਅਰੁਣ ਜੇਤਲੀ ਦੀ ਥਾਂ ਪੀਊਸ਼ ਗੋਇਲ ਨੇ ਅੰਤਰਿਮ ਬਜਟ ਪੇਸ਼ ਕੀਤਾ ਸੀ। ਇਲਾਜ ਲਈ ਜੇਤਲੀ ਦੇ ਅਮਰੀਕਾ ਜਾਣ ਦੇ ਬਾਅਦ ਪੀਊਸ਼ ਗੋਇਲ ਨੇ ਹੀ ਵਿੱਤ ਮੰਤਰਾਲਾ ਸੰਭਾਲਿਆ ਸੀ।