ਵਿਦੇਸ਼ ਮੰਤਰੀ ਜੈਸ਼ੰਕਰ ਕਰਨਗੇ ਈਰਾਨ ਦਾ ਦੌਰਾ, ਇਨ੍ਹਾਂ ਮੁੱਦਿਆਂ ''ਤੇ ਹੋ ਸਕਦੀ ਹੈ ਚਰਚਾ

12/22/2019 2:04:39 PM

ਈਰਾਨ/ਨਵੀਂ ਦਿੱਲੀ— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਐਤਵਾਰ ਨੂੰ ਦੋ ਦਿਨਾ ਦੇ ਈਰਾਨ ਦੌਰੇ 'ਤੇ ਜਾਣਗੇ। ਜੈਸ਼ੰਕਰ ਈਰਾਨ 'ਚ ਸੰਯੁਕਤ ਆਯੋਗ ਦੀ ਬੈਠਕ 'ਚ ਹਿੱਸਾ ਲੈਣਗੇ। ਇਸ ਦੌਰਾਨ ਉਹ ਆਪਣੇ ਹਮਰੁਤਬਾ ਮੁਹੰਮਦ ਜਾਵੇਦ ਜਰੀਫ ਨਾਲ ਚਰਚਾ ਕਰਨਗੇ। ਵਿਦੇਸ਼ ਮੰਤਰਾਲੇ ਮੁਤਾਬਕ ਜੈਸ਼ੰਕਰ ਦੀ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਵੀ ਗੱਲ ਹੋ ਸਕਦੀ ਹੈ।
ਇਸ ਦੇ ਬਾਅਦ ਉਹ ਓਮਾਨ ਵੀ ਜਾਣਗੇ। ਓਮਾਨ ਦੀ ਰਾਜਧਾਨੀ ਮਸਕਟ 'ਚ ਜੈਸ਼ੰਕਰ ਭਾਰਤੀ ਭਾਈਚਾਰੇ ਨੂੰ ਸੰਬੋਧਤ ਕਰਨਗੇ। ਇਸ ਦੇ ਨਾਲ ਹੀ ਇੱਥੋਂ ਦੇ ਵਿਦੇਸ਼ ਮੰਤਰੀ ਯੂਸੁਫ ਬਿਨ ਅਲਾਵੀ ਬਿਨ ਅਬਦੁੱਲਾ ਨਾਲ ਸਮੁੰਦਰੀ ਵਪਾਰ 'ਚ ਸਹਿਯੋਗ ਸਣੇ ਕਈ ਸਮਝੌਤਿਆਂ 'ਤੇ ਦਸਤਖਤ ਕਰਨਗੇ।
 

ਚਾਬਹਾਰ 'ਤੇ ਭਾਰਤ ਨੂੰ ਮਿਲੀ ਛੋਟ—
ਜੈਸ਼ੰਕਰ ਦਾ ਦੌਰਾ ਇਸ ਲਈ ਅਹਿਮ ਹੈ ਕਿਉਂਕਿ ਹਾਲ ਹੀ 'ਚ ਭਾਰਤ ਅਤੇ ਅਮਰੀਕਾ ਵਿਚਕਾਰ 2+2 ਬੈਠਕ ਹੋਈ ਸੀ। ਇਸ 'ਚ ਭਾਰਤ ਨੂੰ ਈਰਾਨ ਦੇ ਚਾਬਹਾਰ ਪੋਰਟ ਪ੍ਰੋਜੈਕਟ ਲਈ ਛੋਟ ਦਿੱਤੀ ਗਈ। ਚਾਬਹਾਰ ਪੋਰਟ ਰਾਹੀਂ ਭਾਰਤ ਬਿਨਾ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਨੂੰ ਮਦਦ ਪਹੁੰਚਾ ਸਕਦਾ ਹੈ।
ਭਾਰਤ ਨੇ 2018 'ਚ ਈਰਾਨ ਨਾਲ ਚਾਬਹਾਰ ਪੋਰਟ ਵਿਕਸਿਤ ਕਰਨ ਲਈ 85 ਮਿਲੀਅਨ ਡਾਲਰ ਭਾਵ ਤਕਰੀਬਨ 600 ਕਰੋੜ ਰੁਪਏ ਦਾ ਸਮਝੌਤਾ ਕੀਤਾ ਸੀ।
 

ਭਾਰਤ ਕਈ ਮੁੱਦਿਆਂ 'ਤੇ ਚਰਚਾ ਕਰ ਸਕਦੈ—
ਸਾਬਕਾ ਰਾਜਨੀਤਕ ਐੱਨ. ਐੱਨ. ਝਾਅ ਮੁਤਾਬਕ,''ਅਮਰੀਕਾ ਨੇ ਜ਼ਰੂਰ ਈਰਾਨ 'ਤੇ ਰੋਕ ਲਗਾਈ ਹੈ। ਹਾਲ ਹੀ 'ਚ ਭਾਰਤ-ਅਮਰੀਕਾ ਵਿਚਕਾਰ ਹੋਈ 2+2 ਵਾਰਤਾ 'ਚ ਭਾਰਤ ਨੂੰ ਚਾਬਹਾਰ ਪ੍ਰੋਜੈਕਟ ਨੂੰ ਲੈ ਕੇ ਛੋਟ ਮਿਲੀ ਹੈ। ਇਹ ਭਾਰਤ ਦੀ ਜਿੱਤ ਹੈ। ਜੈਸ਼ੰਕਰ ਈਰਾਨ ਜਾ ਰਹੇ ਹਨ ਤਾਂ ਨਿਸ਼ਚਿਤ ਰੂਪ ਨਾਲ ਰਾਜਨੀਤਕ ਮੁੱਦਿਆਂ 'ਤੇ ਵੀ ਚਰਚਾ ਹੋਵੇਗੀ।
ਭਾਰਤ ਆਪਣੇ ਅੰਦਰੂਨੀ ਮਾਮਲਿਆਂ ਨਾਗਰਿਕਤਾ ਸੋਧ ਕਾਨੂੰਨ ਅਤੇ ਕਸ਼ਮੀਰ ਮਾਮਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗਾ। ਸਭ ਤੋਂ ਅਹਿਮ ਤੇਲ ਹੈ। ਗੁਜਰਾਤ ਦੇ ਕਿਸੇ ਪੋਰਟ ਤਕ ਤੇਲ ਲਿਆਉਣ 'ਤੇ ਗੱਲ ਹੋ ਸਕਦੀ ਹੈ। ਰੇਲਵੇ ਲਾਈਨ ਬਣਾਉਣ ਦੀ ਪਾਬੰਦੀ ਵੀ ਹਟ ਗਈ ਹੈ। ਭਾਰਤ ਈਰਾਨ ਨੂੰ ਇਹ ਪ੍ਰਸਤਾਵ ਵੀ ਦੇ ਸਕਦਾ ਹੈ ਕਿ ਤੁਸੀਂ ਹੁਣ ਪੈਸੇ ਲੈ ਲਓ ਬਾਅਦ 'ਚ ਸਥਿਤੀ ਠੀਕ ਹੋਣ 'ਤੇ ਇਨ੍ਹਾਂ ਨੂੰ ਤੁਸੀਂ ਤੇਲ ਦੇ ਐਕਸਪੋਰਟ 'ਚ ਵਰਤੋਂ ਕਰ ਸਕਦੇ ਹੋ।


Related News