ਗੰਭੀਰ ਬੀਮਾਰੀ ਨਾਲ ਜੂਝ ਰਿਹਾ ਸੀ 12 ਸਾਲ ਦਾ ਮੁੰਡਾ, J&K ਦੇ ਆਰਮੀ ਹਸਪਤਾਲ ਨੇ ਬਚਾਈ ਜਾਨ
Monday, Jan 09, 2023 - 05:57 PM (IST)
ਜੰਮੂ- ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਆਰਮੀ ਦੇ ਕਮਾਂਡ ਹਸਪਤਾਲ 'ਚ ਡਾਕਟਰਾਂ ਨੇ ਅੰਤੜੀਆਂ ਵਿਚ ਛੇਕ ਤੋਂ ਪੀੜਤ 12 ਸਾਲਾ ਬੱਚੇ ਦਾ ਸਫ਼ਲ ਇਲਾਜ ਕੀਤਾ। ਫ਼ੌਜ ਦੇ ਇਕ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਰੋਰ ਪਿੰਡ ਦੇ ਰਹਿਣ ਵਾਲੇ ਇਸ ਮੁੰਡੇ ਨੂੰ ਹਾਲ ਹੀ ਵਿਚ ਉੱਤਰੀ ਕਮਾਨ ਦੇ ਕਮਾਂਡ ਹਸਪਤਾਲ (CHNC) ਦੇ ਐਮਰਜੈਂਸੀ ਵਿਭਾਗ 'ਚ ਲਿਆਂਦਾ ਗਿਆ ਸੀ। ਮੁੰਡੇ ਨੂੰ ਅਚਾਨਕ ਢਿੱਡ 'ਚ ਤੇਜ਼ ਦਰਦ ਅਤੇ ਉਲਟੀ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਗਈ ਸੀ।
ਬੁਲਾਰੇ ਨੇ ਕਿਹਾ ਕਿ ਮੁੰਡੇ ਦੀ ਜ਼ਿਲ੍ਹਾ ਹਸਪਤਾਲ ਊਧਮਪੁਰ 'ਚ ਜਾਂਚ ਕੀਤੀ ਗਈ ਅਤੇ ਉਸ ਨੂੰ ਜੰਮੂ ਟਰਾਂਸਫਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ। ਊਧਮਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਇਕ ਬੇਨਤੀ ਪ੍ਰਾਪਤ ਕਰਨ ਮਗਰੋਂ ਮਰੀਜ਼ ਨੂੰ ਅੱਗੇ ਦੇ ਇਲਾਜ ਲਈ ਆਰਮੀ ਦੇ ਹਸਪਤਾਲ ਲਿਆਂਦਾ ਗਿਆ ਅਤੇ ਮਾਹਰ ਡਾਕਟਰ ਅਧਿਕਾਰੀਆਂ ਅਤੇ ਸਰਜਨਾਂ ਦੀ ਇਕ ਟੀਮ ਨੇ ਤੁਰੰਤ ਉਸ ਦੀ ਜਾਂਚ ਕੀਤੀ।
ਬੁਲਾਰੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਅੰਤੜੀਆਂ 'ਚ ਛੇਕਾਂ ਦਾ ਪਤਾ ਲੱਗਾ, ਜਿਸ ਦੀ ਪੁਸ਼ਟੀ ਸੀ. ਈ. ਸੀ. ਟੀ. ਵਲੋਂ ਕੀਤੀ ਗਈ ਸੀ। ਮੁੰਡੇ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਵੇਖਦੇ ਹੋਏ ਤੁਰੰਤ ਆਪ੍ਰੇਸ਼ਨ ਥੀਏਟਰ ਲਿਜਾਇਆ ਗਿਆ। ਸਰਜਰੀ ਤੋਂ ਪਤਾ ਚੱਲਿਆ ਕਿ ਮੁੰਡੇ ਦੀ ਛੋਟੀ ਅੰਤੜੀ 'ਚ ਛੇਕ ਹਨ, ਜਿਸ ਕਾਰਨ ਪਸ ਅਤੇ ਅੰਤੜੀਆਂ ਦੀ ਸਮੱਗਰੀ ਅੰਦਰ ਜਮ੍ਹਾਂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਰਜਨਾਂ ਦੀ ਮਾਹਿਰ ਟੀਮ ਵੱਲੋਂ ਇਹ ਸਰਜਰੀ ਸਫ਼ਲਤਾਪੂਰਵਕ ਕੀਤੀ ਗਈ। ਬੁਲਾਰੇ ਅਨੁਸਾਰ ਸਰਜਰੀ ਤੋਂ ਬਾਅਦ ਮੁੰਡੇ ਨੂੰ ਆਈ.ਸੀ.ਯੂ. ਵਿਚ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਮੁੰਡੇ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।