ਭਾਰਤੀ ਰੇਲ ਨੇ ਮੱਛਰ ਮਾਰਨ ਲਈ ਚਲਾਈ ਸਪੈਸ਼ਲ ਟਰੇਨ, ਹੁਣ ਡੇਂਗੂ ਦਾ ਹੋਵੇਗਾ ਖ਼ਾਤਮਾ
Sunday, Sep 18, 2022 - 01:30 PM (IST)
ਨਵੀਂ ਦਿੱਲੀ- ਦੇਸ਼ ਵਿਚ ਹੁਣ ਮੌਸਮ ਦਾ ਮਿਜ਼ਾਜ਼ ਬਦਲ ਰਿਹਾ ਹੈ। ਗਰਮੀ ਅਤੇ ਮੀਂਹ ਤੋਂ ਬਾਅਦ ਹੁਣ ਸਰਦੀ ਦਸਤਕ ਦੇਣ ਵਾਲੀ ਹੈ। ਇਹ ਉਹ ਸਮਾਂ ਹੈ ਜਦੋਂ ਉੱਤਰ ਭਾਰਤ ਵਿਚ ਡੇਂਗੂ ਅਤੇ ਚਿਕਨਗੁਨੀਆ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ਵਿਚ ਇਸ ਬੀਮਾਰੀ ਨੂੰ ਫੈਲਾਉਣ ਵਾਲੇ ਮੱਛਰ ਦੇ ਖ਼ਾਤਮੇ ਲਈ ਭਾਰਤੀ ਰੇਲ ਨੇ ਵੀ ਕਮਰ ਕੱਸ ਲਈ ਹੈ। ਲਿਹਾਜ਼ਾ ਦਿੱਲੀ ਤੋਂ ਇਕ ਮੱਛਰ ਮਾਰ ਸਪੈਸ਼ਲ ਟਰੇਨ ਚਲਾਈ ਗਈ।
ਮੱਛਰ ਮਾਰ ਟਰਮੀਨੇਟਰ ਟ੍ਰੇਨ ਯਾਨੀ ਮੱਛਰ ਟਰਮੀਨੇਟਰ ਟਰੇਨ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। 6 ਹਫਤੇ ਵਿਚ ਕੁਲ 12 ਵਾਰ ਇਹ ਟਰੇਨ ਚੱਲੇਗੀ। ਮੱਛਰ ਪ੍ਰਜਨਨ ਦੇ ਮੌਸਮ ਵਿਚ ਇਸ ਦੇ ਰਾਹੀਂ ਹਫਤੇ ਵਿਚ 2 ਵਾਰ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਏਗਾ। ਮਕਸਦ ਇਹ ਹੈ ਕਿ ਟਰੇਨ ਦੀਆਂ ਪਟੜੀਆਂ ਨੇੜੇ ਮੱਛਰ ਨਾ ਪੈਦਾ ਹੋਣ।
ਇੰਝ ਹੋਵੇਗਾ ਛਿੜਕਾਅ
ਦੱਸ ਦਈਏ ਕਿ ਇਸ ਟਰੇਨ ਵਿਚ ਡੱਬੇ ਨਹੀਂ ਹਨ। ਇਨ੍ਹਾਂ ’ਤੇ ਹਾਈ ਪ੍ਰੈਸ਼ਰ ਵਾਲੇ ਟਰੱਕ ਖੜ੍ਹੇ ਹਨ। ਇਨ੍ਹਾਂ ਟਰੱਕਾਂ ਦਾ ਕੰਮ ਮੱਛਰ ਮਾਰ ਦਵਾਈ ਦਾ ਸਪ੍ਰੇਅ ਕਰਨਾ ਹੈ। ਇਸ ਦੌਰਾਨ ਟਰੇਨ ਦੀ ਰਫ਼ਤਾਰ ਵੀ ਸਿਰਫ 20 ਕਿਲੋਮੀਟਰ ਪ੍ਰਤੀ ਘੰਟਾ ਰਹਿੰਦੀ ਹੈ। ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਤੋਂ ਬਚਾਅ ਲਈ ਹਰ ਸਾਲ ਇਹ ਸਪੈਸ਼ਲ ਮੱਛਰ ਮਾਰ ਟਰੇਨ ਚਲਾਈ ਜਾਂਦੀ ਹੈ। ਇਹ ਪਟੜੀ ਦੇ ਕਿਨਾਰੇ ਦਵਾਈ ਦਾ ਛਿੜਕਾਅ ਕਰਦੀ ਹੈ। ਇਹ ਟਰੇਨ ਹਜ਼ਾਰਾਂ ਲੋਕਾਂ ਨੂੰ ਚਿਕਨਗੁਨੀਆ ਅਤੇ ਡੇਂਗੂ ਤੋਂ ਬਚਾਉਣ ਵਿਚ ਬਹੁਤ ਮਦਦਗਾਰ ਸਾਬਤ ਹੋਵੇਗੀ। ਅਧਿਕਾਰੀਆਂ ਮੁਤਾਬਕ ਕੀਟਨਾਸ਼ਕ ਨਾ ਸਿਰਫ ਲਾਰਵਾ ਨੂੰ ਖਤਮ ਕਰਨਗੇ ਸਗੋਂ ਮੱਛਰਾਂ ਨੂੰ ਵੀ ਬੇਅਸਰ ਕਰੇਗਾ।