27 ਸਾਲਾਂ ਬਾਅਦ ਭਾਰਤ ''ਚ ਹੋਣ ਜਾ ਰਿਹੈ Miss World, 130 ਦੇਸ਼ਾਂ ਤੋਂ ਆਉਣਗੀਆਂ ਸੁੰਦਰੀਆਂ
Friday, Jun 09, 2023 - 05:29 AM (IST)
ਨਵੀਂ ਦਿੱਲੀ (ਭਾਸ਼ਾ)- ਵਿਸ਼ਵ ਪ੍ਰਸਿੱਧ ਮਿਸ ਵਰਲਡ ਪ੍ਰਤੀਯੋਗਿਤਾ ਕਰੀਬ ਤਿੰਨ ਦਹਾਕਿਆਂ ਬਾਅਦ ਭਾਰਤ ਪਰਤ ਰਹੀ ਹੈ ਅਤੇ ਇਸ ਦਾ ਅਗਲਾ ਐਡੀਸ਼ਨ ਨਵੰਬਰ ਵਿਚ ਹੋਣ ਦੀ ਸੰਭਾਵਨਾ ਹੈ। ਮਿਸ ਵਰਲਡ ਮੁਕਾਬਲੇ ਦਾ 71ਵਾਂ ਐਡੀਸ਼ਨ ਇਸ ਸਾਲ ਨਵੰਬਰ 'ਚ ਹੋਣ ਦੀ ਉਮੀਦ ਹੈ। ਇਸ ਦੀਆਂ ਅੰਤਿਮ ਤਾਰੀਖਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - Live-in Relationship 'ਚ ਰਹਿ ਰਹੀ ਔਰਤ ਦਾ ਬੇਰਹਿਮੀ ਨਾਲ ਕਤਲ, ਕਈ ਟੁਕੜਿਆਂ 'ਚ ਮਿਲੀ ਲਾਸ਼
ਇਸ ਤੋਂ ਪਹਿਲਾਂ ਭਾਰਤ ਵਿਚ 1996 ਵਿਚ ਇਸ ਦਾ ਆਯੋਜਨ ਕੀਤਾ ਗਿਆ ਸੀ। ਇਸ ਮੁਕਾਬਲੇ ਦਾ ਆਯੋਜਨ ਕਰਨ ਵਾਲੀ ਸੰਸਥਾ ਮਿਸ ਵਰਲਡ ਆਰਗੇਨਾਈਜ਼ੇਸ਼ਨ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ (ਸੀ.ਈ.ਓ.) ਜੂਲੀਆ ਮੋਰਲੇ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ, ''ਮੈਨੂੰ 71ਵੇਂ ਮਿਸ ਵਰਲਡ ਫਾਈਨਲਜ਼ ਲਈ ਭਾਰਤ ਨੂੰ ਮੇਜ਼ਬਾਨ ਐਲਾਨਦੇ ਹੋਏ ਖੁਸ਼ੀ ਹੋ ਰਹੀ ਹੈ। ਸਾਨੂੰ ਤੁਹਾਡੇ ਵਿਲੱਖਣ ਅਤੇ ਵਿਭਿੰਨਤਾ ਭਰੇ ਸੱਭਿਆਚਾਰ, ਵਿਸ਼ਵ-ਪੱਧਰੀ ਆਕਰਸ਼ਕ ਅਤੇ ਸ਼ਾਨਦਾਰ ਥਾਵਾਂ ਨੂੰ ਦੁਨੀਆ ਨਾਲ ਸਾਂਝਾ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। 71ਵੀਂ ਮਿਸ ਵਰਲਡ 2023 ਵਿਚ 'ਅਤੁੱਲ ਭਾਰਤ' ਦੀ ਇਕ ਮਹੀਨੇ ਦੀ ਯਾਤਰਾ ਦੌਰਾਨ 130 ਰਾਸ਼ਟਰੀ ਚੈਂਪੀਅਨਾਂ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਕਿਉਂਕਿ ਅਸੀਂ 71ਵਾਂ ਅਤੇ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਿਸ ਵਰਲਡ ਫਾਈਨਲ ਕਰਵਾ ਰਹੇ ਹਾਂ।
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ 'ਚ ਵਾਪਰਿਆ ਇਕ ਹੋਰ ਦਰਦਨਾਕ ਹਾਦਸਾ, ਮਾਲਗੱਡੀ ਹੇਠਾਂ ਆਉਣ ਨਾਲ 6 ਲੋਕਾਂ ਦੀ ਮੌਤ
ਤਕਰੀਬਨ 1 ਮਹੀਨਾ ਚੱਲਣ ਵਾਲੇ ਇਸ ਸਮਾਗਮ ਵਿਚ 130 ਤੋਂ ਵੱਧ ਦੇਸ਼ਾਂ ਦੀਆਂ ਸੁੰਦਰੀਆਂ ਹਿੱਸਾ ਲੈਣਗੀਆਂ। ਸੁੰਦਰਤਾ ਮੁਕਾਬਲੇ ਦਾ ਭਾਰਤ ਵਿਚ ਪ੍ਰਚਾਰ-ਪ੍ਰਸਾਰ ਕਰਨ ਲਈ ਇੱਥੇ ਆਈ ਮੌਜੂਦਾ ਮਿਸ ਵਰਲਡ ਕੈਰੋਲੀਨਾ ਬਿਲਾਵਸਕਾ (ਪੋਲੈਂਡ) ਨੇ ਕਿਹਾ ਕਿ ਉਹ ਇਸ "ਸੁੰਦਰ ਦੇਸ਼" ਵਿਚ ਇਕ ਹੋਰ ਪ੍ਰਤੀਯੋਗੀ ਨੂੰ ਆਪਣਾ ਤਾਜ ਸੌਂਪਣ ਲਈ ਉਤਸ਼ਾਹਿਤ ਹੈ।
ਭਾਰਤ ਨੇ 6 ਵਾਰ ਜਿੱਤਿਆ ਹੈ ਖ਼ਿਤਾਬ
ਦੱਸ ਦੇਈਏ ਕਿ ਇਹ 71ਵਾਂ ਮਿਸ ਵਰਲਡ ਮੁਕਾਬਲਾ ਹੈ। ਇਨ੍ਹਾਂ ਵਿਚੋਂ ਭਾਰਤ ਦੇ ਹਿੱਸੇ ਵਿਚ ਇਹ ਖ਼ਿਤਾਬ 6 ਵਾਰ ਆਇਆ ਹੈ। ਸਭ ਤੋਂ ਪਹਿਲਾਂ 1966 ਵਿਚ ਰੀਟਾ ਫਾਰੀਆ ਨੇ ਇਹ ਖ਼ਿਤਾਬ ਭਾਰਤ ਲਈ ਜਿੱਤਿਆ ਸੀ। ਉਸ ਤੋਂ ਬਾਅਦ ਐਸ਼ਵਰਿਆ ਰਾਏ ਨੇ 1994 ਵਿਚ, ਡਾਇਨਾ ਹੇਡਨ ਨੇ 1997 ਵਿਚ, ਯੁਕਤਾ ਮੁਖੇ ਨੇ 1999 ਵਿਚ, ਪ੍ਰਿਯੰਕਾ ਚੋਪੜਾ ਨੇ 2000 ਵਿਚ ਅਤੇ ਮਾਨੁਸ਼ੀ ਛਿੱਲਰ ਨੇ 2017 ਵਿਚ ਇਹ ਖ਼ਿਤਾਬ ਆਪਣੇ ਨਾਂ ਕੀਤਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।